ਗੈਸ ਪਾਈਪਲਾਈਨ ਦੇ ਬਹਾਨੇ ਘਰ ’ਚ ਆਇਆ ਨੌਸਰਬਾਜ਼
ਗੁਰਦਾਸਪੁਰ, 14 ਅਕਤੂਬਰ : ਗੁਰਦਾਸਪੁਰ ਸ਼ਹਿਰ ਦੀ ਪਾਸ਼ ਕਾਲੋਨੀ ’ਚ ਅੱਜ ਦਿਨ-ਦਿਹਾੜੇ ਸਵੇਰੇ 11 ਵਜੇ ਦੇ ਕਰੀਬ ਇਕ ਨੌਸਰਬਾਜ਼ ਨੇ ਗੈਸ ਪਾਈਪਲਾਈਨ ਪਾਉਣ ਦੇ ਬਹਾਨੇ ਘਰ ’ਚ ਦਾਖਲ ਹੋਣ ਦੇ ਬਾਅਦ ਇਕ ਬਜ਼ੁਰਗ ਜੋੜੇ ਨੂੰ ਨਿਸ਼ਾਨਾ ਬਣਾਇਆ ਹੈ। ਜਿਨ੍ਹਾਂ ਨੂੰ ਬੇਹੋਸ਼ ਕਰ ਕੇ ਚੋਰ ਸੋਨੇ ਦੇ ਗਹਿਣੇ ਲੈ ਕੇ ਰਫੂ ਚੱਕਰ ਹੋ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ-7 ਨਾਲ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਸਿੰਘ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਦੀ ਕਾਲੋਨੀ ਦੇ ਵਸਨੀਕ ਅਮੋਲਕਪ੍ਰੀਤ ਸਿੰਘ ਬਾਜਵਾ ਦੇ ਘਰ ਨੌਸਰਬਾਜ਼ ਇਹ ਕਹਿ ਕੇ ਦਾਖਲ ਹੋ ਗਿਆ ਕਿ ਉਹ ਗੈਸ ਪਾਈਪਲਾਈਨ ਨਾਲ ਸਬੰਧਤ ਕੰਮ ਲਈ ਆਇਆ ਹੈ ਅਤੇ ਉਨ੍ਹਾਂ ਦੇ ਘਰ ਦਾ ਸਰਵੇ ਕਰਨਾ ਚਾਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੇਖਣ ਨੂੰ ਪੜ੍ਹਿਆ ਲਿਖਿਆ ਲੱਗਦਾ ਸੀ, ਜੋ ਸਕੂਟਰੀ ’ਤੇ ਸਵਾਰ ਹੋ ਕੇ ਆਇਆ ਸੀ ਅਤੇ ਉਸਨੇ ਪਹਿਲਾਂ ਨੇੜਲੇ ਕਿਸੇ ਹੋਰ ਘਰ ਤੋਂ ਬਾਜਵਾ ਪਰਿਵਾਰ ਦਾ ਘਰ ਪੁੱਛਿਆ ਅਤੇ ਘਰ ’ਚ ਜਾ ਕੇ ਉੱਥੇ ਮੌਜੂਦ ਬਜ਼ੁਰਗ ਪਤੀ-ਪਤਨੀ ਨਾਲ ਗੱਲਾਂਬਾਤਾਂ ਕਰਨ ਲੱਗ ਪਿਆ ਕਿ ਉਨ੍ਹਾਂ ਨੇ ਗੈਸ ਪਾਈਪ ਲਾਈਨ ਪਾਉਣੀ ਹੈ, ਜਿਸ ਲਈ ਉਨ੍ਹਾਂ ਦੀ ਰਸੋਈ ਵੀ ਦੇਖਣੀ ਚਾਹੁੰਦਾ ਹੈ।
ਇਸੇ ਦੌਰਾਨ ਬਜ਼ੁਰਗ ਜੋੜੇ ਨੇ ਉਕਤ ਵਿਅਕਤੀ ਨੂੰ ਚਾਹ ਵੀ ਬਣਾ ਕੇ ਪਿਲਾਈ। ਪੀੜਤ ਬਜ਼ੁਰਗ ਨੇ ਦੱਸਿਆ ਕਿ ਉਕਤ ਨੌਸਰਬਾਜ਼ ਨੇ ਕਿਹਾ ਕਿ ਸੋਨੇ ਨੂੰ ਸਾਫ ਕਰਨ ਦਾ ਕੰਮ ਵੀ ਕਰਦਾ ਹੈ ਅਤੇ ਬਹੁਤ ਆਸਾਨੀ ਦੇ ਨਾਲ ਸੋਨਾ ਠੀਕ ਹੋ ਜਾਂਦਾ ਹੈ। ਇਸ ਦੇ ਨਾਲ ਹੀ ਉਕਤ ਨੌਸਰਬਾਜ਼ ਨੇ ਕਿਹਾ ਕਿ ਜੇਕਰ ਸੋਨੇ ਨੂੰ ਗਰਮ ਪਾਣੀ ਅਤੇ ਹਲਦੀ ’ਚ ਪਾ ਕੇ ਉਬਾਲਿਆ ਜਾਵੇ ਤਾਂ ਇਸ ਦੇ ਪਾਣੀ ਨੂੰ ਪੀਣ ਨਾਲ ਪੇਟ ਅਤੇ ਹੱਡੀਆਂ ਦੇ ਕਈ ਰੋਗ ਵੀ ਠੀਕ ਹੋ ਜਾਂਦੇ ਹਨ।
ਇਸ ਦੌਰਾਨ ਉਕਤ ਨੌਸਰਬਾਜ਼ ਨੇ ਖੁਦ ਹੀ ਗਰਮ ਪਾਣੀ ’ਚ ਹਲਦੀ ਅਤੇ ਕੋਈ ਹੋਰ ਚੀਜ਼ ਪਾ ਕੇ ਉਨ੍ਹਾਂ ਨੂੰ ਬੇਹੋਸ਼ ਕਰ ਦਿੱਤਾ ਅਤੇ ਬਾਅਦ ’ਚ ਸੋਨੇ ਦੀ ਮੁੰਦਰੀ ਅਤੇ ਔਰਤ ਦੇ ਕੰਨਾਂ ’ਚ ਪਈਆਂ ਸੋਨੇ ਦੀਆਂ ਵਾਲੀਆਂ ਲੈ ਕੇ ਰਫੂ ਚੱਕਰ ਹੋ ਗਿਆ। ਉਕਤ ਨੌਸਰਬਾਜ਼ ਦੀ ਤਸਵੀਰ ਸੀਸੀਟੀਵੀ ਕੈਮਰੇ ’ਚ ਵੀ ਕੈਦ ਹੋਈ ਹੈ। ਇਸ ਬਾਰੇ ਜਦੋਂ ਆਸ ਪਾਸ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਬਜ਼ੁਰਗ ਜੋੜੇ ਨੂੰ ਬੇਹੋਸ਼ੀ ਦੇ ਹਾਲਤ ’ਚ ਹਸਪਤਾਲ ਪਹੁੰਚਾਇਆ ਗਿਆ।
Read More : ਵਾਈ ਪੂਰਨ ਖੁਦਕੁਸ਼ੀ ਮਾਮਲੇ ਵਿਚ ਪੁਲਿਸ ਵੱਲੋਂ ਐੱਸ.ਸੀ. ਕਮਿਸ਼ਨ ਨੂੰ ਰਿਪੋਰਟ ਪੇਸ਼
