Giani Raghbir Singh

ਗਿਆਨੀ ਰਘਬੀਰ ਸਿੰਘ ਦਾ ਐਡਵੋਕੇਟ ਧਾਮੀ ਨੂੰ ਕਰਾਰਾ ਜਵਾਬ

ਮੈਨੂੰ ਨੋਟਿਸ ਦੇਣ ਦੀ ਬਜਾਏ 72 ਘੰਟਿਆਂ ‘ਚ ਭ੍ਰਿਸ਼ਟਾਚਾਰ ਦਾ ਜਵਾਬ ਦੇਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਅੰਮ੍ਰਿਤਸਰ, 22 ਫਰਵਰੀ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵਿਚਾਲੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਵਿਵਾਦ ਹੋਰ ਗਹਿਰਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਨੂੰ 72 ਘੰਟਿਆਂ ਅੰਦਰ ਸਬੂਤ ਪੇਸ਼ ਕਰਨ ਦਾ ਨੋਟਿਸ ਦਿੱਤੇ ਜਾਣ ਤੋਂ ਬਾਅਦ, ਹੁਣ ਗਿਆਨੀ ਰਘਬੀਰ ਸਿੰਘ ਨੇ ਜਵਾਬੀ ਕਾਰਵਾਈ ਕਰਦਿਆਂ ਕਮੇਟੀ ਨੂੰ ਹੀ 72 ਘੰਟਿਆਂ ਅੰਦਰ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਅਪੀਲ ਕੀਤੀ ਹੈ।

ਇੱਕ ਵੀਡੀਓ ਬਿਆਨ ਜਾਰੀ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਦਿਨੀਂ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਸ਼੍ਰੋਮਣੀ ਕਮੇਟੀ ਅੰਦਰ ਫੈਲੇ ਕਥਿਤ ਭ੍ਰਿਸ਼ਟਾਚਾਰ ਦੇ ਗੰਭੀਰ ਮੁੱਦੇ ਉਠਾਏ ਸਨ। ਉਨ੍ਹਾਂ ਕਿਹਾ ਕਿ ਉਹ ਕੁਝ ਦਿਨਾਂ ਤੋਂ ਪੰਜਾਬ ਤੋਂ ਬਾਹਰ ਸਨ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਮਿਲੀ ਹੈ ਕਿ 19 ਤਰੀਕ ਨੂੰ ਹੋਈ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਵਿੱਚ ਉਨ੍ਹਾਂ ਦੇ ਸਵਾਲਾਂ ਦੀ ਤਸੱਲੀ ਕਰਾਉਣ ਦੀ ਬਜਾਏ, ਉਲਟਾ ਸਵਾਲ ਚੁੱਕਣ ਵਾਲੇ ਨੂੰ ਹੀ 72 ਘੰਟਿਆਂ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ।

ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਿੱਧਾ ਸੰਬੋਧਨ ਕਰਦਿਆਂ ਕਿਹਾ, “ਮੈਂ ਕਹਿੰਦਾ ਹਾਂ ਕਿ ਜੋ ਸਵਾਲ ਅਸੀਂ ਕੀਤੇ ਹਨ, ਤੁਸੀਂ ਉਨ੍ਹਾਂ ਦੇ ਜਵਾਬ 72 ਘੰਟਿਆਂ ਵਿੱਚ ਸਾਨੂੰ ਦਿਓ। ਜੇਕਰ ਅਜਿਹਾ ਨਹੀਂ ਹੁੰਦਾ ਤਾਂ 72 ਘੰਟਿਆਂ ਬਾਅਦ ਮੈਂ ਇੱਕ-ਇੱਕ ਸਵਾਲ ਦਾ ਜਵਾਬ ਅਤੇ ਉਸ ਦੇ ਸਬੂਤ ਸੰਗਤ ਦੇ ਸਾਹਮਣੇ ਰੱਖਾਂਗਾ।”

ਉਨ੍ਹਾਂ ਦਾਅਵਾ ਕੀਤਾ ਕਿ ਭ੍ਰਿਸ਼ਟਾਚਾਰ ਸਬੰਧੀ ਉਨ੍ਹਾਂ ਕੋਲ ਸਾਰੇ ਸਵਾਲਾਂ ਦੇ ਪੁਖ਼ਤਾ ਜਵਾਬ ਅਤੇ ਦਸਤਾਵੇਜ਼ ਮੌਜੂਦ ਹਨ। ਸਿੰਘ ਸਾਹਿਬ ਨੇ ਸਪੱਸ਼ਟ ਕੀਤਾ ਕਿ ਜੇਕਰ ਕਮੇਟੀ ਆਪਣਾ ਪੱਖ ਸਪੱਸ਼ਟ ਕਰਨ ਵਿੱਚ ਨਾਕਾਮ ਰਹੀ ਤਾਂ ਉਹ ਸਾਰਾ ਮਾਮਲਾ ਜਨਤਕ ਕਰਨ ਲਈ ਮਜਬੂਰ ਹੋਣਗੇ। ਇਸ ਘਟਨਾਕ੍ਰਮ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਹਲਕਿਆਂ ਵਿੱਚ ਹੜਕੰਪ ਮਚਿਆ ਹੋਇਆ ਹੈ।

Read More : ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਦੇ ਪਹਿਲੇ ‘ਨਮੋ ਭਾਰਤ’ ਆਰ.ਆਰ.ਟੀ.ਐੱਸ ਅਤੇ ਮੇਰਠ ਮੈਟਰੋ ਦਾ ਉਦਘਾਟਨ

Leave a Reply

Your email address will not be published. Required fields are marked *