gangster Balwinder Billa arrested

ਪੁਲਿਸ ਮੁਕਾਬਲੇ ਦੌਰਾਨ ਨਾਮੀ ਗੈਂਗਸਟਰ ਬਿੱਲਾ ਕਾਬੂ

ਮੁਲਜ਼ਮਾਂ ਉਤੇ ਵੱਖ-ਵੱਖ ਧਾਰਾਵਾਂ ਤਹਿਤ 5-6 ਮੁਕੱਦਮੇ ਦਰਜ -ਐਸ. ਐਸ. ਪੀ. ਗੌਰਵ ਤੂਰਾ

ਕਪੂਰਥਲਾ, 12 ਅਗਸਤ : ਜ਼ਿਲਾ ਕਪੂਰਥਲਾ ਪੁਲਿਸ ਨੇ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਝੱਲ ਲਈ ਵਾਲਾ ਨੇੜਿਓਂ ਨਾਮੀ ਗੈਂਗਸਟਰ ਬਲਵਿੰਦਰ ਬਿੱਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਸਵੇਰੇ ਕਰੀਬ 7 ਵਜੇ ਆਹਮੋ ਸਾਹਮਣੇ ਹੋਏ ਮੁਕਾਬਲੇ ਦੌਰਾਨ ਪੁਲਿਸ ਨੇ ਗੈਂਗਸਟਰ ਬਲਵਿੰਦਰ ਬਿੱਲੇ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਲਿਆ।

ਘਟਨਾ ਸਥਾਨ ’ਤੇ ਪੁੱਜੇ ਜ਼ਿਲਾ ਕਪੂਰਥਲਾ ਦੇ ਐਸ. ਐਸ. ਪੀ. ਗੌਰਵ ਤੂਰਾ ਆਈ. ਪੀ. ਐਸ. ਨੇ ਦੱਸਿਆ ਕਿ ਬਲਵਿੰਦਰ ਬਿੱਲਾ ਸੁਲਤਾਨਪੁਰ ਲੋਧੀ ਥਾਣੇ ਅਧੀਨ ਆਉਂਦੇ ਪਿੰਡ ਜੱਬੋਵਾਲ ਦਾ ਵਾਸੀ ਹੈ। ਇਸ ’ਤੇ ਵੱਖ-ਵੱਖ ਧਾਰਾਵਾਂ ਤਹਿਤ 5 ਤੋਂ 6 ਮੁਕਦਮੇ ਦਰਜ ਹਨ ਅਤੇ ਪੁਲਿਸ ਨੂੰ ਵੱਖ-ਵੱਖ ਕੇਸਾਂ ਅਧੀਨ ਬਹੁਤ ਲੋੜੀਂਦਾ ਸੀ।

ਉਨ੍ਹਾਂ ਦੱਸਿਆ ਕਿ ਫਰਵਰੀ 2025 ਵਿਚ ਇਸ ਉੱਪਰ ਇਕ ਕਤਲ ਦਾ ਮੁਕੱਦਮਾ ਦਰਜ ਹੋਇਆ ਸੀ, ਜਿਸ ਵਿਚ ਉਸ ਨੇ ਗੱਡੀ ਵਿਚ ਬਿਠਾ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਮਈ 2025 ਵਿਚ ਬਲਵਿੰਦਰ ਬਿੱਲਾ ਕਰਤਾਰਪੁਰ ਪੁਲਿਸ ਥਾਣੇ ਵਿਚ ਪੁਲਿਸ ਪਾਰਟੀ ’ਤੇ ਫਾਇਰਿੰਗ ਕਰਕੇ ਭੱਜਿਆ ਸੀ ਅਤੇ ਉੱਥੇ ਵੀ ਇਸ ਉੱਪਰ ਇਰਾਦ-ਏ-ਕਤਲ ਦਾ ਮਾਮਲਾ ਦਰਜ ਸੀ, ਜਿਸ ਲਈ ਕਰਤਾਰਪੁਰ ਪੁਲਿਸ ਨੂੰ ਵੀ ਇਹ ਲੋੜੀਂਦਾ ਸੀ।

ਕਪੂਰਥਲਾ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪੁਲਿਸ ਪਾਰਟੀ ਨੇ ਪਿੰਡ ਝੱਲ ਲੇਈ ਵਾਲਾ ਨੇੜੇ ਬਲਵਿੰਦਰ ਸਿੰਘ ਬਿੱਲਾ ਨੂੰ ਰੋਕਿਆ ਤੇ ਉਸ ਦੀ ਸ਼ਨਾਖਤ ਦੱਸਣ ਲਈ ਕਿਹਾ ਤਾਂ ਉਸ ਨੇ ਡਰ ਦੇ ਮਾਰੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉਸ ਕੋਲ ਮੌਜੂਦ ਨਾਜਾਇਜ਼ ਅਸਲਾ ਵੀ ਉਸ ਨੇ ਪੁਲਿਸ ਉੱਪਰ ਚਲਾਇਆ ਪਰ ਕੋਈ ਵੀ ਫਾਇਰ ਪੁਲਿਸ ਦੇ ਨਹੀਂ ਲੱਗਾ, ਜਦਕਿ ਪੁਲਿਸ ਵਲੋਂ ਆਪਣੀ ਸੁਰੱਖਿਆ ਵਿਚ ਚਲਾਏ ਗਏ ਫਾਇਰ ਦੌਰਾਨ ਇਕ ਗੋਲੀ ਬਲਵਿੰਦਰ ਬਿੱਲੇ ਦੇ ਲੱਗ ਗਈ, ਜਿਸ ਦੌਰਾਨ ਉਹ ਡਿੱਗ ਪਿਆ ਅਤੇ ਪੁਲਿਸ ਨੇ ਉਸ ਨੂੰ ਦਬੋਚ ਲਿਆ।

ਉਨ੍ਹਾਂ ਦੱਸਿਆ ਕਿ ਉਸ ਕੋਲੋਂ ਇਕ ਨਾਜਾਇਜ਼ ਪਿਸਤੌਲ, ਖਾਲੀ ਰੋਂਦ ਅਤੇ ਮੋਟਰਸਾਈਕਲ ਬਰਾਮਦ ਹੋਇਆ ਹੈ, ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਤੇ ਕਥਿਤ ਮੁਲਜ਼ਮ ਨੂੰ ਇਲਾਜ ਲਈ ਭੇਜਿਆ ਗਿਆ ਹੈ। ਇਸ ਮੌਕੇ ਐਸ.ਐਸ.ਪੀ. ਗੌਰਵ ਤੂਰਾ, ਐਸ. ਪੀ. (ਡੀ) ਪੀ. ਐਸ. ਵਿਰਕ, ਡੀ.ਐਸ.ਪੀ. ਪਰਮਿੰਦਰ ਸਿੰਘ ਅਤੇ ਐਸ. ਐਚ. ਓ. ਸੋਨਮਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਹਾਜ਼ਰ ਸੀ।

Read More : ਗਿ. ਹਰਪ੍ਰੀਤ ਸਿੰਘ ਨੇ 2 ਦਸੰਬਰ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ : ਸੁਖਬੀਰ ਬਾਦਲ

Leave a Reply

Your email address will not be published. Required fields are marked *