ਦੋਵੇਂ ਮੁਲਜ਼ਮ ਕਾਬੂ
ਲੁਧਿਆਣਾ, 26 ਜੁਲਾਈ : ਲੁਧਿਆਣਾ ਸ਼ਹਿਰ ਵਿਚ ਮਾਂ ਨਾਲ ਨਾਰਾਜ਼ ਹੋ ਕੇ ਘਰੋਂ ਨਿਕਲੀ ਲੜਕੀ ਨੂੰ ਰੇਲਵੇ ਸਟੇਸ਼ਨ ’ਤੇ ਇਕੱਲਾ ਦੇਖ ਕੇ ਦੋ ਦਰਿੰਦੇ ਭਰੋਸੇ ਦਾ ਝਾਂਸਾ ਦੇ ਕੇ ਲੜਕੀ ਨੂੰ ਆਪਣੇ ਨਾਲ ਲੈ ਗਏ ਤੇ ਫਿਰ ਤਾਜਪੁਰ ਰੋਡ ਸਥਿਤ ਇਕ ਕਮਰੇ ਵਿਚ ਲਿਜਾ ਕੇ ਚਾਕੂ ਦੀ ਨੋਕ ’ਤੇ ਸਮੂਹਿਕ ਜਬਰ ਜ਼ਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਪੀੜਤਾ ਜਦੋਂ ਘਰ ਵਾਪਸ ਗਈ ਤਾਂ ਡਰੀ ਹੋਈ ਹਾਲਤ ’ਚ ਪਰਿਵਾਰ ਨੂੰ ਸਾਰੀ ਆਪ ਬੀਤੀ ਸੁਣਾਈ। ਮਾਪਿਆਂ ਨੇ ਤੁਰੰਤ ਥਾਣਾ ਡਵੀਜ਼ਨ ਨੰਬਰ 7 ਪਹੁੰਚੇ ਤੇ ਸ਼ਿਕਾਇਤ ਦਿੱਤੀ। ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ 33 ਫੁੱਟਾ ਰੋਡ ਦੀ ਜੈਨ ਕਲੋਨੀ ਵਾਸੀ ਕਰਨ ਸਹੋਤਾ ਤੇ ਟੈਕਸਟਾਈਲ ਕਲੋਨੀ, ਤਾਜਪੁਰ ਰੋਡ ਦੇ ਅਜੈ ਕੁਮਾਰ ਉਰਫ ਰਾਜਾ ਖਿਲਾਫ਼ ਸਮੂਹਿਕ ਜਬਰ ਜਨਾਹ, ਕੁੱਟਮਾਰ ਤੇ ਧਮਕੀ ਦੇਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਏ. ਸੀ. ਪੀ. ਸੁਮਿਤ ਸੂਦ ਨੇ ਦੱਸਿਆ ਕਿ ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਮਾਮੇ ਦੇ ਘਰ ਰਹਿੰਦੀ ਹੈ ਕਿਉਂਕਿ ਪਿਤਾ ਦੀ ਮੌਤ ਹੋ ਚੁਕੀ ਹੈ। ਮਾਮੇ ਦਾ ਬੇਟਾ ਘਰ ਦਾ ਖਰਚਾ ਚੁੱਕਦਾ ਹੈ। ਕੁਝ ਦਿਨ ਪਹਿਲਾਂ ਮਾਂ ਨਾਲ ਨੌਕਰੀ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਨਾਲ ਗੁੱਸੇ ’ਚ ਉਹ ਰੇਲਵੇ ਸਟੇਸ਼ਨ ਚਲੀ ਗਈ।
ਦੇਰ ਰਾਤ ਜਦੋਂ ਉਹ ਸਟੇਸ਼ਨ ’ਤੇ ਇਕੱਲੀ ਖੜ੍ਹੀ ਸੀ ਤਾਂ ਮੁਲਜ਼ਮ ਕਰਨ ਤੇ ਅਜੇ ਉੱਥੇ ਪਹੁੰਚੇ ਤੇ ਉਸ ਨੂੰ ਗੱਲਾਂ ਵਿਚ ਉਲਝਾ ਕੇ ਘਰ ਛੱਡਣ ਦਾ ਬਹਾਨਾ ਬਣਾਇਆ। ਪੀੜਤਾ ਉਨ੍ਹਾਂ ਦੇ ਝਾਂਸੇ ਵਿਚ ਆ ਗਈ ਅਤੇ ਮੋਟਰਸਾਈਕਲ ’ਤੇ ਬੈਠ ਕੇ ਉਨ੍ਹਾਂ ਨਾਲ ਚਲੀ ਗਈ। ਦੋਵੇਂ ਉਸ ਨੂੰ ਰਾਮਦਾਸ ਨਗਰ, ਤਾਜਪੁਰ ਰੋਡ ਦੇ ਇਕ ਕਮਰੇ ਵਿਚ ਲੈ ਗਏ, ਜਿੱਥੇ ਚਾਕੂ ਦਿਖਾ ਕੇ ਉਸ ਨਾਲ ਜਬਰ ਜ਼ਨਾਹ ਕੀਤਾ। ਵਿਰੋਧ ਕਰਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਫਰਾਰ ਹੋ ਗਏ।
ਏ. ਸੀ. ਪੀ. ਸੁਮਿਤ ਸੂਦ ਨੇ ਦੱਸਿਆ ਕਿ ਸ਼ਿਕਾਇਤ ਮਿਲਦੇ ਹੀ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ। ਸੀ.ਸੀ.ਟੀ.ਵੀ. ਫੁਟੇਜ ਤੇ ਹੋਰ ਸੁਰਾਗਾਂ ਦੀ ਸਹਾਇਤਾ ਨਾਲ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ। ਦੋਵਾਂ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
Read More : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਹਰਜੋਤ ਸਿੰਘ ਤੇ ਜਸਵੰਤ ਸਿੰਘ ਤਲਬ