ਰੇਲ ਗੱਡੀਆਂ

ਸੰਘਣੀ ਧੁੰਦ ਦਾ ਕਹਿਰ, ਨਿਰਧਾਰਤ ਸਮੇਂ ਤੋਂ ਪੱਛੜ ਕੇ ਪਹੁੰਚ ਰਹੀਆਂ ਰੇਲ ਗੱਡੀਆਂ

ਵਿਜ਼ੀਬਿਲਟੀ 10 ਮੀਟਰ ਤੋਂ ਹੇਠਾਂ

ਗੁਰਦਾਸਪੁਰ, 17 ਜਨਵਰੀ : ਜ਼ਿਲਾ ਗੁਰਦਾਸਪੁਰ ਸਮੇਤ ਉੱਤਰੀ ਭਾਰਤ ਵਿਚ ਸੰਘਣੀ ਧੁੰਦ ਅਤੇ ਕੜਾਕੇਦਾਰ ਠੰਢ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਸਵੇਰੇ ਹਾਲਾਤ ਇੰਨੇ ਬਦਤਰ ਰਹੇ ਕਿ ਕਈ ਥਾਵਾਂ ’ਤੇ ਵਿਜ਼ੀਬਿਲਟੀ 10 ਮੀਟਰ ਤੋਂ ਵੀ ਘੱਟ ਦਰਜ ਕੀਤੀ ਗਈ। ਧੁੰਦ ਕਾਰਨ ਨਾ ਸਿਰਫ਼ ਨੈਸ਼ਨਲ ਹਾਈਵੇਅ ਅਤੇ ਲਿੰਕ ਸੜਕਾਂ ’ਤੇ ਆਵਾਜਾਈ ਬਹੁਤ ਪ੍ਰਭਾਵਿਤ ਰਹੀ, ਸਗੋਂ ਰੇਲ ਗੱਡੀਆਂ ਵੀ ਆਪਣੇ ਨਿਰਧਾਰਿਤ ਸਮੇਂ ਤੋਂ ਕਾਫ਼ੀ ਦੇਰ ਨਾਲ ਪਹੁੰਚੀਆਂ।

ਸਵੇਰੇ ਦਫ਼ਤਰਾਂ ਅਤੇ ਹੋਰ ਜ਼ਰੂਰੀ ਕੰਮਾਂ ਲਈ ਨਿਕਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਘੱਟ ਵਿਜ਼ੀਬਿਲਟੀ ਕਾਰਨ ਵਾਹਨਾਂ ਦੀ ਰਫ਼ਤਾਰ ਬਹੁਤ ਹੌਲੀ ਰਹੀ, ਜਿਸ ਨਾਲ ਸੜਕਾਂ ’ਤੇ ਲੰਬੇ ਜਾਮ ਅਤੇ ਹਾਦਸਿਆਂ ਦਾ ਖ਼ਤਰਾ ਬਣਿਆ ਰਿਹਾ। ਇਸ ਦੇ ਨਾਲ ਹੀ ਸ਼ੀਤ ਲਹਿਰ ਨੇ ਲੋਕਾਂ ਨੂੰ ਕਾਂਬਾ ਛੇੜਿਆ ਹੋਇਆ ਹੈ, ਜਿਸ ਨਾਲ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।

ਠੰਡ ਅਤੇ ਧੁੰਦ ਦੇ ਇਸ ਦੌਰ ਨੇ ਰੋਜ਼ਮੱਰਰਾ ਦੀ ਜ਼ਿੰਦਗੀ ਦੇ ਨਾਲ ਨਾਲ ਕੰਮਕਾਜ ਨੂੰ ਵੀ ਠੱਪ ਕਰ ਦਿੱਤਾ ਹੈ। ਸਰਕਾਰੀ ਤੇ ਨਿੱਜੀ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਡਿਊਟੀਆਂ ’ਤੇ ਪਹੁੰਚਣ ਵਿਚ ਮੁਸ਼ਕਲ ਆ ਰਹੀ ਹੈ, ਜਦਕਿ ਦਿਹਾੜੀਦਾਰ ਮਜ਼ਦੂਰਾਂ ਅਤੇ ਖੁੱਲ੍ਹੇ ਅਸਮਾਨ ਹੇਠ ਕੰਮ ਕਰਨ ਵਾਲਿਆਂ ਲਈ ਹਾਲਾਤ ਹੋਰ ਵੀ ਔਖੇ ਬਣ ਗਏ ਹਨ। ਜ਼ਿਆਦਾਤਰ ਕਾਰੋਬਾਰ ਠੱਪ ਪਏ ਹੋਣ ਕਾਰਨ ਇਨ੍ਹਾਂ ਵਰਗਾਂ ਲਈ ਆਰਥਿਕ ਤੰਗੀ ਦਾ ਦੌਰ ਚੱਲ ਰਿਹਾ ਹੈ। ਰੇਹੜੀ-ਫੜੀ ਵਾਲੇ ਵੀ ਸਖ਼ਤ ਠੰਢ ਕਾਰਨ ਜਲਦੀ ਘਰਾਂ ਨੂੰ ਵਾਪਸ ਮੁੜ ਰਹੇ ਹਨ।

ਭਾਵੇਂ ਦੁਪਹਿਰ ਸਮੇਂ ਕੁਝ ਦੇਰ ਲਈ ਸੂਰਜ ਦੇ ਦਰਸ਼ਨ ਹੋਏ ਪਰ ਠੰਢ ਦੇ ਪ੍ਰਭਾਵ ਵਿਚ ਕੋਈ ਵੱਡੀ ਕਮੀ ਨਹੀਂ ਆਈ। ਖੇਤਰ ਵਿਚ ਦਿਨ ਦਾ ਤਾਪਮਾਨ 14 ਤੋਂ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਰਾਤ ਦਾ ਤਾਪਮਾਨ ਲਗਭਗ 5 ਡਿਗਰੀ ਸੈਲਸੀਅਸ ਰਿਹਾ।

ਗੁਰਦਾਸਪੁਰ ਰੇਲਵੇ ਸਟੇਸ਼ਨ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਘਣੀ ਧੁੰਦ ਕਾਰਨ ਕਈ ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਕਾਰਨ ਕਈ ਯਾਤਰੀ ਰੇਲ ਯਾਤਰਾ ਤੋਂ ਪ੍ਰਹੇਜ਼ ਕਰ ਰਹੇ ਹਨ ਅਤੇ ਜ਼ਰੂਰੀ ਕੰਮਾਂ ਲਈ ਹੋਰ ਬਦਲਵੇਂ ਆਵਾਜਾਈ ਸਾਧਨ ਵਰਤੇ ਜਾ ਰਹੇ ਹਨ।

Read More : ਦਰਦਨਾਕ ਹਾਦਸਾ ; ਗੁਜਰਾਤ ਦੀ ਮਹਿਲਾ ਪੁਲਸ ਅਧਿਕਾਰੀ ਸਣੇ 5 ਦੀ ਮੌਤ

Leave a Reply

Your email address will not be published. Required fields are marked *