Friendship on Instagram

ਇੰਸਟਾਗ੍ਰਾਮ ’ਤੇ ਦੋਸਤੀ ; ਦਿੱਲੀ ਦੀ ਲੜਕੀ ਨੂੰ ਲੁਧਿਆਣਾ ਬੁਲਾ ਕੇ ਕੀਤਾ ਜਬਰ-ਜ਼ਨਾਹ

ਵਿਆਹ ਕਰਨ ਤੋਂ ਕੀਤਾ ਇਨਕਾਰ ਅਤੇ ਅਸ਼ਲੀਲ ਫੋਟੋਆਂ ਸੋਸ਼ਲ ਮੀਡੀਆ ’ਤੇ ਕੀਤੀਆਂ ਵਾਇਰਲ

ਲੁਧਿਆਣਾ, 19 ਜੂਨ : ਦਿੱਲੀ ਦੀ ਇਕ ਲੜਕੀ ਨੇ ਇੰਸਟਾਗ੍ਰਾਮ ’ਤੇ ਲੁਧਿਆਣਾ ਦੇ ਇਕ ਮੁੰਡੇ ਨਾਲ ਦੋਸਤੀ ਕਰ ਲਈ। ਦੋਸਤੀ ਪਿਆਰ ’ਚ ਬਦਲ ਗਈ ਅਤੇ ਮੁੰਡੇ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ। ਕੁੜੀ ਉਸ ਦੇ ਜ਼ਿੱਦ ਕਰਨ ’ਤੇ ਜਾਲ ’ਚ ਫਸ ਗਈ ਅਤੇ ਲੁਧਿਆਣਾ ਪਹੁੰਚ ਗਈ।

ਜਿਥੇ ਨੌਜਵਾਨ ਉਸ ਨੂੰ ਇਕ ਹੋਟਲ ’ਚ ਲੈ ਗਿਆ ਅਤੇ ਉਸ ਦੇ ਨਾਲ ਜਬਰ-ਜ਼ਨਾਹ ਕੀਤਾ ਅਤੇ ਅਸ਼ਲੀਲ ਫੋਟੋਆਂ ਵੀ ਕਲਿੱਕ ਕੀਤੀਆਂ। ਇਸ ਤੋਂ ਬਾਅਦ ਨੌਜਵਾਨ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਲੜਕੀ ਨੇ ਉਸ ’ਤੇ ਦਬਾਅ ਪਾਇਆ ਤਾਂ ਉਸ ਨੇ ਅਸ਼ਲੀਲ ਫੋਟੋਆਂ ਵਾਇਰਲ ਕਰ ਦਿੱਤੀਆਂ।

ਪੀੜਤਾਂ ਨੇ ਇਸ ਬਾਰੇ ਦਿੱਲੀ ਪੁਲਸ ਨੂੰ ਸ਼ਿਕਾਇਤ ਕੀਤੀ। ਦਿੱਲੀ ਦੇ ਬ੍ਰਿੰਦਾਪੁਰ ਪੁਲਸ ਸਟੇਸ਼ਨ ਦੀ ਪੁਲਸ ਨੇ ਜ਼ੀਰੋ ਨੰਬਰ ਐੱਫ. ਆਈ. ਆਰ. ਦਰਜ ਕਰ ਕੇ ਲੁਧਿਆਣਾ ਪੁਲਸ ਨੂੰ ਭੇਜ ਦਿੱਤੀ, ਜਿਸ ਤੋਂ ਬਾਅਦ ਦੋਸ਼ੀ ਜਸਪ੍ਰੀਤ ਸਿੰਘ, ਜੋ ਕਿ ਪਿੰਡ ਰਾਮਗੜ੍ਹ ਦਾ ਰਹਿਣ ਵਾਲਾ ਹੈ, ਦੇ ਖਿਲਾਫ ਫੋਕਲ ਪੁਆਇੰਟ ਪੁਲਸ ਸਟੇਸ਼ਨ ’ਚ ਮਾਮਲਾ ਦਰਜ ਕੀਤਾ ਹੈ। ਹੁਣ ਪੁਲਸ ਉਸ ਦੀ ਭਾਲ ਕਰ ਰਹੀ ਹੈ।

ਪੀੜਤਾ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਜਸਪ੍ਰੀਤ ਸਿੰਘ ਨਾਲ ਇੰਸਟਾਗ੍ਰਾਮ ’ਤੇ ਦੋਸਤੀ ਹੋਈ ਸੀ। ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਨ੍ਹਾਂ ਦੀ ਦੋਸਤੀ ਪਿਆਰ ’ਚ ਬਦਲ ਗਈ। ਦੋਸ਼ੀ ਨੌਜਵਾਨ ਨੇ ਉਸ ਨੂੰ ਵਿਆਹ ਦਾ ਲਾਲਚ ਦਿੱਤਾ ਸੀ। ਉਸ ਨੇ ਉਸ ਨੂੰ ਲੁਧਿਆਣਾ ਬੁਲਾਇਆ ਸੀ।

ਜਦੋਂ ਉਹ ਲੁਧਿਆਣਾ ਆਈ ਤਾਂ ਮੁਲਜ਼ਮ ਉਸ ਨੂੰ ਫੋਕਲ ਪੁਆਇੰਟ ਦੇ ਇਕ ਹੋਟਲ ’ਚ ਲੈ ਗਿਆ, ਜਿਥੇ ਉਸ ਨੇ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਦੌਰਾਨ ਮੁਲਜ਼ਮ ਨੇ ਆਪਣੇ ਮੋਬਾਈਲ ’ਤੇ ਉਸ ਦੀਆਂ ਅਸ਼ਲੀਲ ਫੋਟੋਆਂ ਵੀ ਕਲਿੱਕ ਕੀਤੀਆਂ। ਇਸ ਤੋਂ ਬਾਅਦ ਉਹ ਘਰ ਚਲੀ ਗਈ ਪਰ ਜਦੋਂ ਉਸ ਨੇ ਬਾਅਦ ’ਚ ਵਿਆਹ ਕਰਵਾਉਣ ਦੀ ਗੱਲ ਕੀਤੀ, ਤਾਂ ਮੁਲਜ਼ਮ ਜਸਪ੍ਰੀਤ ਸਿੰਘ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।

ਪੀੜਤਾ ਦਾ ਦੋਸ਼ ਹੈ ਕਿ ਉਸ ਨੇ ਲੁਧਿਆਣਾ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਸ਼ਿਕਾਇਤ ਨਹੀਂ ਸੁਣੀ ਗਈ। ਇਸ ਲਈ, ਉਸ ਨੇ ਮੁਲਜ਼ਮ ਵਿਰੁੱਧ ਦਿੱਲੀ ਦੇ ਆਪਣੇ ਥਾਣੇ ਬ੍ਰਿੰਦਾਪੁਰ ’ਚ ਸ਼ਿਕਾਇਤ ਦਰਜ ਕਰਵਾਈ। ਦਿੱਲੀ ਪੁਲਸ ਨੇ ਇਸ ਮਾਮਲੇ ’ਚ ਜ਼ੀਰੋ ਨੰਬਰ ਐੱਫ. ਆਈ. ਆਰ. ਦਰਜ ਕਰ ਕੇ ਕੇਸ ਲੁਧਿਆਣਾ ਪੁਲਸ ਨੂੰ ਤਬਦੀਲ ਕਰ ਦਿੱਤਾ ਹੈ। ਇਸ ਦੌਰਾਨ, ਹੁਣ ਫੋਕਲ ਪੁਆਇੰਟ ਥਾਣੇ ਦੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Read More : ਬਲੋਚਿਸਤਾਨ ਸਰਕਾਰ ਦਾ ਵੱਡਾ ਫੈਸਲਾ

Leave a Reply

Your email address will not be published. Required fields are marked *