ਪਟਿਆਲਾ, 29 ਜਨਵਰੀ : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਇਕ ਨਿੱਜੀ ਇੰਟਰਵਿਊ ਵਿਚ ਬੰਬ ਧਮਾਕਿਆਂ ਸਬੰਧੀ ਦਿੱਤੇ ਬਿਆਨ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਬੀਬੀ ਭੱਠਲ ਵੱਲੋਂ ਇਹ ਖੁਲਾਸਾ ਕਰਨਾ ਕਿ ‘ਕੁਝ ਅਫ਼ਸਰ ਆ ਕੇ ਕਹਿੰਦੇ ਸਨ ਕਿ ਜੇ ਰੇਲਾਂ ਅਤੇ ਬਾਜ਼ਾਰਾਂ ਵਿਚ ਬੰਬ ਧਮਾਕੇ ਕਰਵਾ ਦਿੱਤੇ ਜਾਣ ਤਾਂ ਅੱਗੇ ਵੀ ਸਰਕਾਰ ਬਣ ਸਕਦੀ ਹੈ’, ਬਹੁਤ ਹੀ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਇਸ ਇੰਟਰਵਿਊ ਨੇ ਪੰਜਾਬ ਦੇ ਅੱਲ੍ਹੇ ਪਏ ਜ਼ਖ਼ਮਾਂ ਨੂੰ ਮੁੜ ਹਰਾ ਕਰ ਦਿੱਤਾ ਹੈ ਅਤੇ ਦੋ ਦਹਾਕੇ ਪਹਿਲਾਂ ਸੂਬੇ ਵੱਲੋਂ ਝੱਲੇ ਸੰਤਾਪ ਦੀ ਸੱਚਾਈ ਸਾਹਮਣੇ ਲਿਆਂਦੀ ਹੈ।
ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਇਸ ਬਿਆਨ ਤੋਂ ਇਹ ਸੰਕੇਤ ਮਿਲਦਾ ਹੈ ਕਿ ਪੰਜਾਬ ਵਿਚ ਹੋਏ ਪਿਛਲੇ ਬੰਬ ਧਮਾਕਿਆਂ ਦੇ ਤਾਰ ਕਿਤੇ ਨਾ ਕਿਤੇ ਸਿਆਸੀ ਸਾਜ਼ਿਸ਼ਾਂ ਨਾਲ ਜੁੜੇ ਹੋ ਸਕਦੇ ਹਨ।
ਪ੍ਰੋ. ਚੰਦੂਮਾਜਰਾ ਨੇ ਮੰਗ ਕੀਤੀ ਕਿ ਬੀਬੀ ਭੱਠਲ ਤੁਰੰਤ ਉਨ੍ਹਾਂ ਅਫ਼ਸਰਾਂ ਦੇ ਨਾਂ ਜਨਤਕ ਕਰਨ ਜਿਨ੍ਹਾਂ ਨੇ ਅਜਿਹੀ ਘਿਨੌਣੀ ਸਲਾਹ ਦਿੱਤੀ ਸੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਅਧਿਕਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ, ਤਾਂ ਜੋ ਭਵਿੱਖ ਵਿਚ ਕੋਈ ਵੀ ਅਫਸਰ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਦੀ ਹਿੰਮਤ ਨਾ ਕਰ ਸਕੇ।
Read More : ਕੀਮਤਾਂ ਬੇਕਾਬੂ ; ਚਾਂਦੀ 4 ਲੱਖ ਤੇ ਸੋਨਾ 1.76 ਲੱਖ ਤੋਂ ਪਾਰ
