Baltej-Pannu

ਸਾਡੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਉੱਪਰ : ਬਲਤੇਜ ਪੰਨੂ

ਕਿਹਾ-ਧਾਮੀ ਦਾ ਬਿਆਨ ਸਿੱਖ ਸੰਗਤ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼

ਚੰਡੀਗੜ੍ਹ, 25 ਦਸੰਬਰ : ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਉਸ ਟਿੱਪਣੀ ਦੀ ਨਿਖੇਧੀ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕੀ ਸਰਕਾਰ ਖ਼ੁਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉੱਪਰ ਸਮਝਣ ਲੱਗ ਪਈ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਨੇ ਕਦੇ ਵੀ ਖ਼ੁਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉੱਪਰ ਨਹੀਂ ਮੰਨਿਆ ਤੇ ਨਾ ਹੀ ਅਜਿਹੀ ਕੋਈ ਮਨਸ਼ਾ ਹੈ ਕਿਉਂਕਿ ਸਾਡੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਆੜੇ ਹੱਥੀਂ ਲੈਂਦਿਆਂ ਪੰਨੂ ਨੇ ਸਵਾਲ ਕੀਤਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਗੰਭੀਰ ਮਾਮਲੇ ‘ਤੇ ਸਵਾਲ ਉੱਠਦੇ ਹਨ ਤਾਂ ਉਹ ਰੌਲਾ ਪਾਉਣਾ ਕਿਉਂ ਸ਼ੁਰੂ ਕਰ ਦਿੰਦੇ ਹਨ? ਕੀ ਆਪਣੀ ਜਵਾਬਦੇਹੀ ਤੋਂ ਭੱਜਣ ਲਈ ਤੁਸੀਂ ਖ਼ੁਦ ਨੂੰ ਗੁਰੂ ਸਾਹਿਬ ਤੋਂ ਵੀ ਉੱਪਰ ਸਮਝਣ ਲੱਗ ਪਏ ਹੋ?

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦਾ ਮਾਮਲਾ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਜੁੜਿਆ ਇਕ ਬੇਹੱਦ ਸੰਵੇਦਨਸ਼ੀਲ ਮੁੱਦਾ ਹੈ। ਜਦੋਂ ਵੀ ਇਸ ਮਾਮਲੇ ’ਚ ਇਨਸਾਫ਼ ਜਾਂ ਸਪੱਸ਼ਟੀਕਰਨ ਦੀ ਮੰਗ ਕੀਤੀ ਜਾਂਦੀ ਹੈ ਤਾਂ ਧਾਮੀ ਸਾਹਿਬ ਇਸ ਨੂੰ ‘ਸਰਕਾਰੀ ਦਖ਼ਲਅੰਦਾਜ਼ੀ’ ਦੱਸ ਕੇ ਮੁੱਦੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ।

ਪ੍ਰਧਾਨ ਦੱਸਣ ਕਿਸ ਤਰ੍ਹਾਂ ਦੇ ਹੋ ਰਹੇ ਘਪਲੇ

ਪੰਨੂ ਨੇ ਧਾਮੀ ਦੇ ਉਸ ਹਾਲੀਆ ਬਿਆਨ ‘ਤੇ ਵੀ ਹੈਰਾਨੀ ਪ੍ਰਗਟਾਈ, ਜਿਸ ’ਚ ਉਨ੍ਹਾਂ ਮੰਨਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਰੋਜ਼ਾਨਾ 10-20 ਘਪਲੇ ਹੁੰਦੇ ਰਹਿੰਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਉਹ ਸੰਗਤ ਨੂੰ ਦੱਸਣ ਕਿ ਇਹ ਕਿਸ ਤਰ੍ਹਾਂ ਦੇ ਘਪਲੇ ਹਨ? ਕੀ ਇਹ ਪੈਸੇ ਦੀ ਹੇਰਾਫੇਰੀ ਹੈ, ਰਸੀਦਾਂ ਦਾ ਫ਼ਰਜ਼ੀਵਾੜਾ ਹੈ ਜਾਂ ਛਪਾਈ ਦੌਰਾਨ ਹੋਣ ਵਾਲੇ ਭ੍ਰਿਸ਼ਟਾਚਾਰ ਦਾ ਹਿੱਸਾ ਹੈ? ਉਨ੍ਹਾਂ ਦਾ ਇਹ ਬਿਆਨ ਬਹੁਤ ਗੰਭੀਰ ਹੈ ਅਤੇ ਦਰਸਾਉਂਦਾ ਹੈ ਕਿ ਸੰਸਥਾ ਅੰਦਰ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹੋ ਚੁੱਕੀਆਂ ਹਨ।

Read More : ਕਰਨਲ ਬਾਠ ਮਾਮਲੇ ’ਚ ਸੀ.ਬੀ.ਆਈ ਵੱਲੋਂ 4 ਪੁਲਸ ਅਫ਼ਸਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

Leave a Reply

Your email address will not be published. Required fields are marked *