flood water

ਗੁਰਦੁਆਰਾ ਸਾਹਿਬ ਤੱਕ ਪਹੁੰਚਿਆ ਹੜ੍ਹ ਦਾ ਪਾਣੀ

ਪਿੰਡ ਵਾਸੀਆਂ ਨੇ ਤੁਰੰਤ ਸੁਰੱਖਿਅਤ ਸਥਾਨ ’ਤੇ ਪਹੁੰਚਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ

ਗੁਰਦਾਸਪੁਰ, 26 ਅਗਸਤ : ਅੱਜ ਗੁਰਦਾਸਪੁਰ ਜ਼ਿਲੇ ਅੰਦਰ ਮਕੌੜਾ ਪੱਤਣ ਅਤੇ ਨੇੜਲੇ ਇਲਾਕਿਆਂ ’ਚ ਬੇਕਾਬੂ ਹੋਏ ਰਾਵੀ ਦਰਿਆ ਦੇ ਪਾਣੀ ਨੇ ਬੰਨ੍ਹ ਨੂੰ ਤੋੜਦੇ ਹੋਏ ਕਈ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਪਾਣੀ ਜਦੋਂ ਰਾਵੀ ਦਰਿਆ ਤੋਂ ਕਰੀਬ ਦੋ ਕਿਲੋਮੀਟਰ ਦੂਰ ਧੁਸੀਂ ਬੰਨ੍ਹ ਨੂੰ ਤੋੜ ਕੇ ਪਿੰਡ ਜੈਨਪੁਰ ’ਚ ਪਹੁੰਚਿਆ ਤਾਂ ਪਿੰਡ ਦੇ ਲੋਕਾਂ ਨੇ ਤੁਰੰਤ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਸੁਸ਼ੋਭਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪੂਰਨ ਮਰਿਆਦਾ ਦੇ ਨਾਲ ਇਕ ਘਰ ਦੇ ਚੁਬਾਰੇ ’ਚ ਬਣੇ ਅਸਥਾਨ ਵਿਚ ਸ਼ਿਫਟ ਕਰ ਦਿੱਤੇ।

ਪਿੰਡ ਦੇ ਵਸਨੀਕ ਅਤੇ ਸਮਾਜ ਸੇਵੀ ਹਰਵਿੰਦਰ ਪਾਲ ਸਿੰਘ ਜੈਨਪੁਰ ਨੇ ਦੱਸਿਆ ਕਿ ਬੀਤੀ ਰਾਤ ਹੀ ਉਹ ਪਿੰਡ ਦੇ ਬਾਹਰਵਾਰ ਧੁੱਸੀ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਪੰਚਾਇਤ ਮੈਂਬਰਾਂ ਅਤੇ ਹੋਰ ਨੌਜਵਾਨਾਂ ਦੀ ਮਦਦ ਨਾਲ ਡਟੇ ਹੋਏ ਸਨ। ਉਨ੍ਹਾਂ ਕਿਹਾ ਕਿ ਮਿੱਟੀ ਦੀ ਘਾਟ ਹੋਣ ਕਾਰਨ ਉਹ ਲੰਬਾ ਸਮਾਂ ਬੰਨ੍ਹ ਨੂੰ ਬਚਾਅ ਨਹੀਂ ਸਕੇ ਅਤੇ ਅੱਜ ਸਵੇਰੇ ਇਹ ਬੰਨ੍ਹ ਬੁਰੀ ਤਰ੍ਹਾਂ ਟੁੱਟ ਗਿਆ। ਰਾਵੀ ਦਰਿਆ ਤੋਂ ਤੇਜ਼ੀ ਨਾਲ ਆ ਰਿਹਾ ਪਾਣੀ ਉਨ੍ਹਾਂ ਦੇ ਪਿੰਡ ’ਚ ਦਾਖਲ ਹੋ ਗਿਆ।

ਉਨ੍ਹਾਂ ਕਿਹਾ ਕਿ ਜਦੋਂ ਇਹ ਪਾਣੀ ਪਿੰਡ ਦੀਆਂ ਵੱਖ-ਵੱਖ ਗਲੀਆਂ ’ਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਦੇ ਵਿਹੜੇ ਤੱਕ ਪਹੁੰਚ ਗਿਆ ਤਾਂ ਉਨ੍ਹਾਂ ਨੇ ਹਰ ਤਰ੍ਹਾਂ ਦੇ ਖਤਰੇ ਦੀ ਸੰਭਾਵਨਾ ਨੂੰ ਦੇਖਦਿਆਂ ਪਿੰਡ ਵਾਸੀਆਂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੀ ਮਦਦ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਸਰੂਪ ਘਰ ਦੇ ਚਬਾਰੇ ’ਚ ਪੂਰੀ ਮਰਿਆਦਾ ਦੇ ਨਾਲ ਸੁਸ਼ੋਭਿਤ ਕਰ ਦਿੱਤੇ ਹਨ।

ਇਸ ਦੇ ਨਾਲ ਹੀ ਹੋਰ ਵੀ ਨੇੜਲੇ ਪਿੰਡਾਂ ’ਚ ਲੋਕਾਂ ਵੱਲੋਂ ਧਾਰਮਿਕ ਅਸਥਾਨਾਂ ਵਿਚ ਪਏ ਪਵਿੱਤਰ ਸਮਾਨ ਅਤੇ ਧਾਰਮਿਕ ਗ੍ਰੰਥਾਂ ਦੀ ਪੂਰੀ ਮਰਿਆਦਾ ਦੇ ਨਾਲ ਸੰਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਥਾਂ ’ਤੇ ਹੜ੍ਹਾਂ ਦਾ ਪਾਣੀ ਕਿਸੇ ਧਾਰਮਿਕ ਸਥਾਨ ’ਚ ਕੋਈ ਨੁਕਸਾਨ ਨਾ ਕਰ ਸਕੇ।

Read More : ਪਠਾਨਕੋਟ-ਜੰਮੂ ਹਾਈਵੇ ’ਤੇ ਪੁਲ ਟੁੱਟਣ ਕਾਰਨ ਸੈਂਕੜੇ ਟਰੱਕ ਫਸੇ

Leave a Reply

Your email address will not be published. Required fields are marked *