ਭਾਰੀ ਮੀਂਹ ਕਾਰਨ ਪਠਾਨਕੋਟ ਨੂੰ ਹਵਾਈ ਅੱਡੇ ਨਾਲ ਜੋੜਣ ਵਾਲੀ ਸੜਕ ਰੋੜ੍ਹੀ
ਪਠਾਨਕੋਟ, 22 ਜੁਲਾਈ : ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਦਾ ਅਸਰ ਪਠਾਨਕੋਟ ‘ਚ ਦੇਖਣ ਨੂੰ ਮਿਲਿਆ ਹੈ। ਚੱਕੀ ਨਦੀ ਦੇ ਹੜ੍ਹਾਂ ਨੇ ਮਾਜਰਾ ਅਤੇ ਆਲੇ-ਦੁਆਲੇ ਦੇ ਪਿੰਡਾਂ ਨੂੰ ਸ਼ਹਿਰ ਨਾਲ ਜੋੜਨ ਵਾਲੀ ਸੜਕ ਨੂੰ ਰੋੜ੍ਹ ਦਿੱਤਾ। ਇਹ ਰਸਤਾ ਪਠਾਨਕੋਟ ਹਵਾਈ ਅੱਡੇ ਤੱਕ ਪਹੁੰਚਣ ਦਾ ਮੁੱਖ ਰਸਤਾ ਵੀ ਹੈ।
ਇਹ ਸੜਕ ਪਿਛਲੇ ਸਾਲ ਵੀ ਮੀਂਹ ਕਾਰਨ ਖਰਾਬ ਹੋ ਗਈ ਸੀ। ਫਿਰ ਪ੍ਰਸ਼ਾਸਨ ਨੇ ਮਿੱਟੀ ਪਾ ਕੇ ਆਰਜ਼ੀ ਮੁਰੰਮਤ ਕੀਤੀ ਸੀ ਪਰ ਇਸ ਵਾਰ ਫਿਰ ਪਾਣੀ ਦੇ ਤੇਜ਼ ਵਹਾਅ ਨੇ ਕੱਚੀ ਸੜਕ ਨੂੰ ਨੁਕਸਾਨ ਪਹੁੰਚਾਇਆ ਹੈ, ਜਿਸ ਕਾਰਨ ਮਾਜਰਾ ਅਤੇ ਨੇੜਲੇ ਪਿੰਡਾਂ ਦਾ ਸ਼ਹਿਰ ਅਤੇ ਹਵਾਈ ਅੱਡੇ ਨਾਲ ਸੰਪਰਕ ਟੁੱਟ ਗਿਆ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਪਹਿਲਾਂ ਇਹ ਇੱਕ ਪੱਕੀ ਸੜਕ ਸੀ। ਮੀਂਹ ਵਿਚ ਖਰਾਬ ਹੋਣ ਤੋਂ ਬਾਅਦ ਇਸਨੂੰ ਕੱਚਾ ਬਣਾ ਦਿੱਤਾ ਗਿਆ। ਹੁਣ ਇਹ ਫਿਰ ਵਹਿ ਗਿਆ ਹੈ। ਉਨ੍ਹਾਂ ਕਿਹਾ ਕਿ ਰੋਜ਼ੀ-ਰੋਟੀ ਲਈ ਸ਼ਹਿਰ ਜਾਣਾ ਜ਼ਰੂਰੀ ਹੈ ਪਰ ਹੁਣ ਇਹ ਮੁਸ਼ਕਲ ਹੋ ਗਿਆ ਹੈ। ਹਵਾਈ ਅੱਡੇ ‘ਤੇ ਨਾ ਪਹੁੰਚਣ ਕਾਰਨ ਉਨ੍ਹਾਂ ਦੇ ਰੋਜ਼ਾਨਾ ਦੇ ਕੰਮਾਂ ਅਤੇ ਕਾਰੋਬਾਰ ‘ਤੇ ਅਸਰ ਪੈ ਰਿਹਾ ਸੀ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਨੂੰ ਜਲਦੀ ਪੱਕਾ ਕੀਤਾ ਜਾਵੇ।
Read More : ਭੀਖ ਮੰਗਦੇ 19 ਬੱਚੇ ਬਚਾਏ