ਪਤੀ ਨਾਲ ਝਗੜੇ ਕਾਰਨ ਚੁੱਕਿਆ ਖ਼ੌਫ਼ਨਾਕ ਕਦਮ
ਬਾਗਪਤ, 10 ਸਤੰਬਰ : ਉੱਤਰ ਪ੍ਰਦੇਸ਼ ਦੇ ਜ਼ਿਲਾ ਬਾਗਪਤ ਵਿਚ ਪੈਂਦੇ ਕਸਬਾ ਟਿੱਕਰੀ ਵਿਚ ਇਕ ਔਰਤ ਨੇ ਆਪਣੀਆਂ ਤਿੰਨ ਮਾਸੂਮ ਧੀਆਂ ਨੂੰ ਮਾਰਨ ਤੋਂ ਬਾਅਦ ਖੁਦ ਵੀ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਟੀਮ ਨੇ ਚਾਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬੜੌਤ ਪੁਲਿਸ ਸਰਕਲ ਅਫਸਰ (ਸੀਓ) ਵਿਜੇ ਕੁਮਾਰ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਤੇਜ ਕੁਮਾਰੀ ਉਰਫ਼ ਮਾਇਆ (29) ਅਤੇ ਉਸ ਦੀਆਂ ਧੀਆਂ ਗੁੰਜਨ (7), ਕੇਟੋ (ਢਾਈ ਸਾਲ) ਅਤੇ 4 ਮਹੀਨੇ ਦੀ ਮੀਰਾ ਵਜੋਂ ਹੋਈ ਹੈ। ਇਸ ਘਟਨਾ ਦਾ ਕਾਰਨ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਤੇਜ ਕੁਮਾਰੀ ਮੂਲ ਰੂਪ ਵਿਚ ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ ਸੀ। ਉਸ ਦਾ ਵਿਆਹ ਕਈ ਸਾਲ ਪਹਿਲਾਂ ਟਿਕਰੀ ਨਿਵਾਸੀ ਵਿਕਾਸ ਕਸ਼ਯਪ ਨਾਲ ਹੋਇਆ ਸੀ, ਜੋ ਦਿੱਲੀ ਵਿਚ ਇਕ ਟੂਰਿਸਟ ਬੱਸ ਚਲਾਉਂਦਾ ਹੈ। ਪਤੀ ਨਾਲ ਕਿਸੇ ਝਗੜੇ ਕਾਰਨ ਤੇਜ ਕੁਮਾਰੀ ਨੇ ਕਮਰੇ ਨੂੰ ਅੰਦਰੋਂ ਬੰਦ ਕਰ ਦਿੱਤਾ। ਦੋਸ਼ ਹੈ ਕਿ ਉਸ ਨੇ ਪਹਿਲਾਂ ਆਪਣੀਆਂ ਤਿੰਨ ਧੀਆਂ ਨੂੰ ਆਪਣੇ ਦੁਪੱਟੇ ਨਾਲ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਫਿਰ ਉਸੇ ਦੁਪੱਟੇ ਨਾਲ ਪੱਖੇ ਨਾਲ ਫਾਹਾ ਲੈ ਲਿਆ।
ਘਟਨਾ ਸਮੇਂ ਪਤੀ ਘਰ ਦੇ ਬਾਹਰ ਇਕ ਦਰੱਖਤ ਹੇਠਾਂ ਸੌਂ ਰਿਹਾ ਸੀ। ਉਸ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਵਿਕਾਸ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਨਹੀਂ ਖੁੱਲ੍ਹਿਆ। ਸ਼ੱਕ ਹੋਣ ‘ਤੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਖਿੜਕੀ ਤੋੜ ਕੇ ਕਮਰੇ ਵਿਚ ਦਾਖਲ ਹੋਈ, ਜਿੱਥੇ ਤਿੰਨਾਂ ਕੁੜੀਆਂ ਦੀਆਂ ਲਾਸ਼ਾਂ ਬਿਸਤਰੇ ‘ਤੇ ਪਈਆਂ ਸਨ ਅਤੇ ਤੇਜ ਕੁਮਾਰੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।
Read More : ਪ੍ਰਧਾਨ ਮੰਤਰੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਹਵਾਈ ਨਿਰੀਖਣ