House fire

ਘਰ ’ਚ ਲੱਗੀ ਅੱਗ, ਪਤੀ-ਪਤਨੀ ਦੀ ਮੌਤ

ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ

ਬਰਨਾਲਾ, 1 ਜੁਲਾਈ :- ਜ਼ਿਲਾ ਬਰਨਾਲਾ ਦੇ ਕਸਬਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਮੂੰਮ ਵਿਖੇ ਇਕ ਘਰ ਵਿਚ ਅਚਾਨਕ ਅੱਗ ਲੱਗ ਜਾਣ ਕਾਰਨ ਪਤੀ-ਪਤਨੀ ਦੀ ਮੌਤ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ ’ਚ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।

ਇਸ ਮੌਕੇ ਮ੍ਰਿਤਕ ਦੇ ਭਰਾ ਹਰਚੰਦ ਸਿੰਘ, ਜਸਵੰਤ ਸਿੰਘ ਤੇ ਸਤਿਨਾਮ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ ਤਿੰਨ ਵਜੇ ਦੇ ਕਰੀਬ ਬਰਸਾਤ ਦੌਰਾਨ ਜਗਰੂਪ ਸਿੰਘ (45) ਪੁੱਤਰ ਲਾਭ ਸਿੰਘ ਅਤੇ ਉਸ ਦੀ ਪਤਨੀ ਅੰਗਰੇਜ਼ ਕੌਰ ਘਰ ਦੇ ਵਿਹੜੇ ’ਚ ਸੋ ਰਹੇ ਸਨ। ਬਰਸਾਤ ਹੋਣ ਕਾਰਨ ਉਹ ਆਪਣੇ ਮੰਜੇ ਕਮਰੇ ਅੰਦਰ ਕਰ ਕੇ ਸੋ ਗਏ। ਇਸ ਦੌਰਾਨ ਕਮਰੇ ਦੀ ਬਿਜਲੀ ਸਪਲਾਈ ’ਚ ਸ਼ਾਰਟ ਸਰਕਟ ਹੋ ਗਿਆ, ਜਿਸ ਨਾਲ ਅੱਗ ਭੜਕ ਉਠੀ।

ਇਸ ਹਾਦਸੇ ’ਚ ਜਗਰੂਪ ਸਿੰਘ ਦੀ ਸਾਹ-ਘੁੱਟਣ ਅਤੇ ਸੜਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਸ ਦੀ ਪਤਨੀ ਅੰਗਰੇਜ਼ ਕੌਰ ਬੂਰੀ ਤਰ੍ਹਾਂ ਝੁਲਸ ਗਈ ਤੇ ਉਸ ਨੂੰ ਤੁਰੰਤ ਬਰਨਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਸਿਵਲ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਉਸ ਨੇ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਦਿੱਤਾ।
ਉਨ੍ਹਾਂ ਦੱਸਿਆ ਕਿ ਜੜੇ ਦਾ 10 ਸਾਲਾਂ ਬੇਟਾ ਵੀ ਹੈ, ਜੋ ਛੇਵੀਂ ਜਮਾਤ ’ਚ ਪੜ੍ਹਦਾ ਹੈ, ਜੋ ਹਾਦਸੇ ਵਾਲੀ ਰਾਤ ਆਪਣੇ ਚਾਚੇ ਦੇ ਘਰ ਸੁੱਤਾ ਹੋਇਆ ਸੀ ਜਿਸ ਕਾਰਨ ਉਸ ਦੀ ਜਾਨ ਬਚ ਗਈ। ਆਸ-ਪਾਸ ਦੇ ਲੋਕਾਂ ਨੇ ਅੰਗਰੇਜ਼ ਕੌਰ ਦੇ ਚੀਕਾਂ ਸੁਣ ਕੇ ਇਕੱਠੇ ਹੋ ਕੇ ਵੱਖ-ਵੱਖ ਯੰਤਰਾਂ ਨਾਲ ਅੱਗ ’ਤੇ ਕਾਬੂ ਪਾਇਆ ਪਰ ਤਦ ਤੱਕ ਜਗਰੂਪ ਸਿੰਘ ਦੀ ਮੌਤ ਹੋ ਚੁੱਕੀ ਸੀ।

ਇਸ ਮੌਕੇ ਪਿੰਡ ਦੇ ਸਰਪੰਚ ਲਖਬੀਰ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਪੇਧਰ, ਸੁਖਵਿੰਦਰ ਸਿੰਘ, ਜਸਵੰਤ ਸਿੰਘ, ਡਾ. ਰਾਜੂ ਸਿੰਘ, ਅਮਨਦੀਪ ਸਿੰਘ ਅਤੇ ਸੁਖਪ੍ਰੀਤ ਸਿੰਘ ਆਦਿ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਮ੍ਰਿਤਕ ਪਰਿਵਾਰ ਦੇ ਮਾਸੂਮ ਬੱਚੇ ਦੀ ਪੜ੍ਹਾਈ-ਲਿਖਾਈ ਦਾ ਪ੍ਰਬੰਧ ਕੀਤਾ ਜਾਵੇ ਅਤੇ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।

ਦੂਜੇ ਪਾਸੇ, ਥਾਣਾ ਮਹਿਲ ਕਲਾਂ ਦੇ ਮੁਖੀ ਕਿਰਨਜੀਤ ਕੌਰ ਅਤੇ ਏ. ਐੱਸ. ਆਈ. ਬਾਲੀ ਰਾਮ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਬਿਆਨ ਦਰਜ ਕਰਵਾਏ ਜਾਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Read More : ਡੀ. ਐੱਸ. ਪੀ. ਦਾ ਰੀਡਰ ਰਿਸ਼ਵਤ ਲੈਂਦਾ ਫੜਿਆ

Leave a Reply

Your email address will not be published. Required fields are marked *