ਮਾਲੇਰਕੋਟਲਾ, 23 ਨਵੰਬਰ : ਮਾਲੇਰਕੋਟਲਾ-ਧੂਰੀ ਰੋਡ ’ਤੇ ਪਿੰਡ ਮਾਣਕਮਾਜਰਾ ਵਾਲੇ ਰਸਤੇ ’ਤੇ ਚੱਲਦੀ ਇਕ ਕਥਿਤ ਨਾਜਾਇਜ਼ ਪਟਾਕਾ ਫੈਕਟਰੀ ’ਚ ਅੱਜ ਦੁਪਹਿਰ 12 ਵਜੇ ਦੇ ਕਰੀਬ ਅਚਾਨਕ ਭਿਆਨਕ ਅੱਗ ਲੱਗ ਜਾਣ ਕਾਰਨ ਨੇੜੇ ਰਹਿੰਦੇ ਲੋਕਾਂ ’ਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਇਸ ਹਾਦਸੇ ’ਚ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਜਾਣਕਾਰੀ ਮੁਤਾਬਕ ਅੱਗ ਲੱਗਣ ਕਾਰਨ ਉਕਤ ਇਲਾਕਾ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਨਾਲ ਗੂੰਜਣ ਲੱਗਿਆ। ਮੌਕੇ ’ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਨੇੜਲੇ ਲੋਕਾਂ ਦੇ ਦੱਸਣ ਮੁਤਾਬਕ ਦੂਜੇ ਸੂਬਿਆਂ ਤੋਂ ਆਏ ਵਿਅਕਤੀ ਇਥੇ ਕਿਰਾਏ ’ਤੇ ਜ਼ਮੀਨਾਂ ਲੈ ਕੇ ਅਣ-ਅਧਿਕਾਰਤ ਤੌਰ ’ਤੇ ਪਟਾਕੇ ਬਣਾਉਣ ਦਾ ਕੰਮ ਕਰਦੇ ਸਨ। ਮੌਕੇ ’ਤੇ ਮੌਜੂਦ ਲੋਕਾਂ ਨੇ ਸਾਹਮਣੇ ਖੇਤ ’ਚ ਬਣੇ ਇਕ ਮਕਾਨ ਅੰਦਰ ਵੀ ਇਸੇ ਤਰ੍ਹਾਂ ਦੀ ਕਥਿਤ ਪਟਾਕਾ ਫੈਕਟਰੀ ਚੱਲਦੀ ਹੋਣ ਦਾ ਦੋਸ਼ ਲਗਾਇਆ।
ਹਾਦਸੇ ਸਬੰਧੀ ਫੈਕਟਰੀ ਮਾਲਕ ਦਾ ਪੱਖ ਜਾਨਣ ਲਈ ਜਦੋਂ ਉਸ ਨੂੰ ਫੋਨ ਕੀਤਾ ਗਿਆ ਤਾਂ ਸੰਪਰਕ ਨਹੀਂ ਹੋ ਸਕਿਆ। ਜਦੋਂ ਇਸ ਸਬੰਧੀ ਜਾਣਕਾਰੀ ਲੈਣ ਲਈ ਹਿਮਤਾਨਾਂ ਪੁਲਸ ਚੌਕੀ ਦੇ ਇੰਚਾਰਜ ਨੂੰ ਫੋਨ ਕੀਤਾ ਤਾਂ ਉਨ੍ਹਾਂ ਨਾਲ ਵੀ ਸੰਪਰਕ ਨਹੀਂ ਹੋਇਆ।
Read More : ਭਾਜਪਾ ਮਹਿਲਾ ਮੋਰਚਾ ਵੱਲੋਂ ਰੋਸ ਪ੍ਰਦਰਸ਼ਨ
