Gurvinder murder case

ਗੁਰਵਿੰਦਰ ਕਤਲ ਮਾਮਲੇ ਵਿਚ ਗੈਂਗਸਟਰ ਗੋਲਡੀ ਬਰਾੜ ਖ਼ਿਲਾਫ਼ ਐੱਫ.ਆਈ.ਆਰ. ਦਰਜ

ਮ੍ਰਿਤਕ ਦੀ ਪਤਨੀ ਦੇ ਬਿਆਨਾਂ ‘ਤੇ ਹੋਈ ਕਾਰਵਾਈ

ਮੋਹਾਲੀ, 28 ਫਰਵਰੀ : ਮੋਹਾਲੀ ਪੁਲਿਸ ਨੇ ਸ਼ਹਿਰ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਇਲਾਕੇ (ਐੱਸ.ਐੱਸ.ਪੀ. ਦਫ਼ਤਰ ਦੇ ਬਾਹਰ) ਵਿੱਚ ਹੋਏ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਵਿਦੇਸ਼ ਬੈਠੇ ਗੈਂਗਸਟਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਵਿਰੁੱਧ ਕੇਸ ਦਰਜ ਕਰ ਲਿਆ ਹੈ।

ਥਾਣਾ ਸੋਹਾਣਾ ਦੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਹੈ। ਪੁਲਿਸ ਨੇ ਗੋਲਡੀ ਬਰਾੜ ਵਿਰੁੱਧ ਭਾਰਤੀ ਨਿਆਏ ਸੰਹਿਤਾ (BNS) ਦੀਆਂ ਧਾਰਾਵਾਂ 103(1), 61(2) ਅਤੇ ਆਰਮਜ਼ ਐਕਟ ਦੀ ਧਾਰਾ 25 ਤਹਿਤ ਮੁੱਢਲੀ ਐੱਫ.ਆਈ.ਆਰ. (FIR) ਦਰਜ ਕੀਤੀ ਹੈ।

ਸ਼ਿਕਾਇਤਕਰਤਾ ਅਨੁਸਾਰ, ਗੁਰਵਿੰਦਰ ਸਿੰਘ (ਨਿਵਾਸੀ ਰੁੜਕੀ ਪੁਖ਼ਤਾ, ਥਾਣਾ ਸਦਰ ਖਰੜ) ਨੂੰ ਪਿਛਲੇ ਕਾਫੀ ਸਮੇਂ ਤੋਂ ਗੋਲਡੀ ਬਰਾੜ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਜ਼ਿਕਰਯੋਗ ਹੈ ਕਿ ਮ੍ਰਿਤਕ ਗੁਰਵਿੰਦਰ ਸਿੰਘ, ਗੋਲਡੀ ਬਰਾੜ ਦੇ ਰਿਸ਼ਤੇਦਾਰ ਗੁਰਲਾਲ ਬਰਾੜ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਸੀ। ਪਤਨੀ ਦਾ ਦੋਸ਼ ਹੈ ਕਿ ਇਸੇ ਪੁਰਾਣੀ ਰੰਜਿਸ਼ ਕਾਰਨ ਹੀ ਗੁਰਵਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਗੁਰਵਿੰਦਰ ਸਿੰਘ ਦਾ ਬੀਤੇ ਦਿਨੀਂ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੋਹਾਲੀ ਪੁਲਿਸ ਹੁਣ ਇਸ ਕਤਲ ਕਾਂਡ ਵਿੱਚ ਸ਼ਾਮਲ ਸ਼ੂਟਰਾਂ ਦੀ ਪਛਾਣ ਕਰਨ ਅਤੇ ਇਸ ਸਾਜ਼ਿਸ਼ ਦੇ ਬਾਕੀ ਸਿਰਿਆਂ ਨੂੰ ਜੋੜਨ ਲਈ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

Read More : ਸਰਹੱਦ ਪਾਰੋਂ ਸਮੱਗਲਿੰਗ ਕਰਨ ਵਾਲੇ 2 ਗਿਰੋਹਾਂ ਦਾ ਪਰਦਾਫਾਸ਼, 10 ਗ੍ਰਿਫ਼ਤਾਰ

Leave a Reply

Your email address will not be published. Required fields are marked *