Harpal Cheema

ਵਿੱਤ ਮੰਤਰੀ ਹਰਪਾਲ ਚੀਮਾ ਨੇ ਕਾਂਗਰਸ ਤੇ ਭਾਜਪਾ ’ਤੇ ਵਿੰਨ੍ਹਿਆਂ ਨਿਸ਼ਾਨਾ

ਕਿਹਾ-ਕਾਂਗਰਸ ’ਚ ਮੁੱਖ ਮੰਤਰੀ ਦੇ ਅਹੁਦੇ ਹੀ ਨਹੀਂ, ਸਗੋਂ ਵਿਧਾਇਕਾਂ ਲਈ ਵੀ ਟਿਕਟਾਂ 5-5 ਕਰੋੜ ’ਚ ਵਿਕਦੀਆਂ ਹਨ

ਦੋਵੇਂ ਪਾਰਟੀਆਂ ਨੂੰ 24 ਘੰਟਿਆਂ ਅੰਦਰ ਜਵਾਬ ਦੇਣ ਦੀ ਦਿੱਤੀ ਚੁਣੌਤੀ

ਚੰਡੀਗੜ੍ਹ, 8 ਦਸੰਬਰ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਤੇ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਨੂੰ ਨਵਜੋਤ ਕੌਰ ਸਿੱਧੂ ਅਤੇ ਸੁਨੀਲ ਜਾਖੜ ਵੱਲੋਂ ਲਾਏ ਗਏ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਤੁਰੰਤ ਜਵਾਬ ਦੇਣ ਦੀ ਚੁਣੌਤੀ ਦਿੱਤੀ।

ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਤੇ ਭਾਜਪਾ ਹਾਈਕਮਾਨ ਨੂੰ ਸਵਾਲ ਪੁੱਛਿਆ ਕਿ ਤੁਸੀਂ ਚੁੱਪੀ ਕਿਉਂ ਸਾਧੀ ਹੋਈ ਹੈ? ਕੀ ਤੁਸੀਂ ਇਸ ਲਈ ਚੁੱਪ ਹੋ ਕਿਉਂਕਿ ਤੁਸੀਂ ਇਸ ਭ੍ਰਿਸ਼ਟਾਚਾਰ ’ਚ ਸ਼ਾਮਲ ਹੋ? ਉਨ੍ਹਾਂ ਨੇ ਦੋਵੇਂ ਪਾਰਟੀਆਂ ਨੂੰ 24 ਘੰਟਿਆਂ ਅੰਦਰ ਜਵਾਬ ਦੇਣ ਦੀ ਚੁਣੌਤੀ ਦਿੱਤੀ।

ਉਨ੍ਹਾਂ ਨੇ ਭਾਜਪਾ ਅਤੇ ਕਾਂਗਰਸ ਹਾਈਕਮਾਨ ਦੀ ਉਨ੍ਹਾਂ ਆਗੂਆਂ ਬਾਰੇ ਚੁੱਪੀ ’ਤੇ ਸਵਾਲ ਉਠਾਇਆ, ਜਿਨ੍ਹਾਂ ਨੇ ਆਪਣੀ ਪਾਰਟੀ ਬਦਲ ਲਈ ਹੈ ਪਰ ਉਨ੍ਹਾਂ ਦੇ ਪਿਛਲੇ ਕੰਮਾਂ ਤੇ ਬਿਆਨਾਂ ਤੋਂ ਡੂੰਘੇ ਭ੍ਰਿਸ਼ਟਾਚਾਰ ਦਾ ਪਰਦਾਫ਼ਾਸ਼ ਹੋਇਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ’ਚ ਭਾਜਪਾ ਦੇ ਮੌਜੂਦਾ ਪ੍ਰਧਾਨ, ਜੋ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ, ਨੇ 2 ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ (ਨਵਜੋਤ ਕੌਰ ਸਿੱਧੂ ਅਨੁਸਾਰ ਕਥਿਤ ਤੌਰ ’ਤੇ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਬਣੇ) ਅਤੇ ਚਰਨਜੀਤ ਸਿੰਘ ਚੰਨੀ (ਸੁਨੀਲ ਜਾਖੜ ਦੇ ਦਾਅਵੇ ਮੁਤਾਬਕ 350 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਬਣੇ) ਦੇ ਕਾਰਜਕਾਲ ਦੌਰਾਨ ਸੇਵਾ ਨਿਭਾਈ ਸੀ।

ਉਨ੍ਹਾਂ ਸਵਾਲ ਉਠਾਇਆ ਕਿ ਜਾਖੜ ਕਾਂਗਰਸ ’ਚ ਆਪਣੀਆਂ ਸੇਵਾਵਾਂ ਦੌਰਾਨ ਮੰਤਰੀ ਅਹੁਦੇ ਅਤੇ ਵਿਧਾਨ ਸਭਾ ਸੀਟਾਂ ਵੇਚਣ ’ਤੇ ਚੁੱਪ ਕਿਉਂ ਰਹੇ ਅਤੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਹੀ ਕਿਉਂ ਬੋਲੇ। ਉਨ੍ਹਾਂ ਨੇ ਚੰਨੀ ਦੇ ਰਿਸ਼ਤੇਦਾਰ ਨਾਲ ਸਬੰਧਤ ਮਾਮਲੇ ਵੱਲ ਵੀ ਧਿਆਨ ਦਿਵਾਇਆ, ਜਿਸ ਤੋਂ ਲੱਗਭਗ 10 ਕਰੋੜ ਰੁਪਏ ਬਰਾਮਦ ਕੀਤੇ ਗਏ ਸਨ। ਇਹ ਮਾਮਲਾ ਅਦਾਲਤ ’ਚ ਪੈਰਵੀ ਅਧੀਨ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਪੂਰੀ ਤਰ੍ਹਾਂ ਸਮਝ ਚੁੱਕੇ ਸਨ ਕਿ ਪਿਛਲੀਆਂ ਸਿਆਸੀ ਪਾਰਟੀਆਂ ਭ੍ਰਿਸ਼ਟਾਚਾਰ ’ਚ ਕਿਸ ਹੱਦ ਤੱਕ ਡੁੱਬ ਚੁੱਕੀਆਂ ਸਨ , ਜਿਸ ਕਾਰਨ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ’ਚ ਹੁਣ ਕੋਈ ਜ਼ਮੀਨ ਘਪਲਾ ਨਹੀਂ ਹੈ, ਕੋਈ ਟਰਾਂਸਪੋਰਟ ਘਪਲਾ ਨਹੀਂ ਹੈ, ਦਲਿਤਾਂ ’ਤੇ ਕੋਈ ਅੱਤਿਆਚਾਰ ਨਹੀਂ ਹੈ। ਇਹ ਸਾਬਤ ਕਰਦਾ ਹੈ ਕਿ ਲੋਕਾਂ ਨੇ ਇਕ ਈਮਾਨਦਾਰ ਸਰਕਾਰ ਨੂੰ ਚੁਣਿਆ ਹੈ।

Read More : ਉੱਚੀਆਂ ਪਹਾੜੀਆਂ ’ਤੇ ਤਾਜ਼ਾ ਬਰਫਬਾਰੀ

Leave a Reply

Your email address will not be published. Required fields are marked *