Harpal-Singh-Cheema

ਵਿੱਤ ਮੰਤਰੀ ਚੀਮਾ ਵੱਲੋਂ ‘ਆਪ’ ਸਰਕਾਰ ਦੇ 4 ਸਾਲਾਂ ਦਾ ਲੇਖਾ-ਜੋਖਾ ਪੇਸ਼; ਮਾਲੀਏ ਵਿਚ ਰਿਕਾਰਡ ਵਾਧੇ ਦਾ ਦਾਅਵਾ

ਜੀਐੱਸਟੀ ਅਤੇ ਐਕਸਾਈਜ਼ ਕੁਲੈਕਸ਼ਨ ‘ਚ ਪਿਛਲੀਆਂ ਸਰਕਾਰਾਂ ਨੂੰ ਪਛਾੜਿਆ; ਕਰਜ਼ੇ ਦਾ 85 ਫੀਸਦੀ ਹਿੱਸਾ ਪੁਰਾਣੀਆਂ ਦੇਣਦਾਰੀਆਂ ਚੁਕਾਉਣ ‘ਤੇ ਖਰਚਿਆ

ਚੰਡੀਗੜ੍ਹ, 3 ਮਾਰਚ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ 2017 ਵਿੱਚ ਵਿਰੋਧੀ ਧਿਰ ਵਜੋਂ ਲੋਕਾਂ ਦੀ ਗੱਲ ਚੁੱਕਣ ਤੋਂ ਬਾਅਦ, 2022 ਵਿੱਚ ਜਨਤਾ ਨੇ ‘ਆਪ’ ਨੂੰ ਵੱਡਾ ਬਹੁਮਤ ਦੇ ਕੇ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੇਵਾ ਦਾ ਮੌਕਾ ਦਿੱਤਾ ਹੈ।

ਵਿੱਤ ਮੰਤਰੀ ਨੇ ਜੀਐੱਸਟੀ ਦੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਕਾਂਗਰਸ ਦੇ 5 ਸਾਲਾਂ ਦੇ ਰਾਜ ਦੌਰਾਨ 61,286 ਕਰੋੜ ਰੁਪਏ ਦੀ ਕੁਲੈਕਸ਼ਨ ਹੋਈ ਸੀ, ਜਦਕਿ ਮੌਜੂਦਾ ਸਰਕਾਰ ਨੇ 46 ਮਹੀਨਿਆਂ ਵਿੱਚ ਹੀ 83,739 ਕਰੋੜ ਰੁਪਏ ਇਕੱਠੇ ਕਰ ਲਏ ਹਨ। ਉਨ੍ਹਾਂ ਕਿਹਾ ਕਿ ਅਜੇ 14 ਮਹੀਨਿਆਂ ਦਾ ਰੈਵੇਨਿਊ ਆਉਣਾ ਬਾਕੀ ਹੈ। ਇਸੇ ਤਰ੍ਹਾਂ ਐਕਸਾਈਜ਼ ਮਾਲੀਏ ਵਿੱਚ ਵੀ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਅਕਾਲੀ-ਭਾਜਪਾ ਦੇ ਸਮੇਂ ਇਹ 20,545 ਕਰੋੜ ਅਤੇ ਕਾਂਗਰਸ ਵੇਲੇ 27,395 ਕਰੋੜ ਸੀ, ਜੋ ‘ਆਪ’ ਦੇ ਕਾਰਜਕਾਲ ਦੌਰਾਨ ਵੱਧ ਕੇ 37,975 ਕਰੋੜ ਰੁਪਏ ਹੋ ਗਿਆ ਹੈ।

ਸਟੈਂਪ ਅਤੇ ਰਜਿਸਟਰੀ ਤੋਂ ਹੋਣ ਵਾਲੀ ਆਮਦਨ ਬਾਰੇ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਇਸ ਵਿੱਚ ਨਿਗੂਣਾ ਵਾਧਾ ਹੋਇਆ ਸੀ, ਪਰ ਮੌਜੂਦਾ ਸਰਕਾਰ ਦੇ ਸਮੇਂ ਹੁਣ ਤੱਕ 19,515 ਕਰੋੜ ਰੁਪਏ ਖਜ਼ਾਨੇ ਵਿੱਚ ਆ ਚੁੱਕੇ ਹਨ। ਵਿਕਾਸ ਕਾਰਜਾਂ (ਕੈਪੀਟਲ ਐਕਸਪੈਂਡੀਚਰ) ‘ਤੇ ਖਰਚ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਅਕਾਲੀ-ਭਾਜਪਾ ਨੇ 14,641 ਕਰੋੜ ਅਤੇ ਕਾਂਗਰਸ ਨੇ 19,356 ਕਰੋੜ ਖਰਚੇ ਸਨ, ਜਦਕਿ ‘ਆਪ’ ਸਰਕਾਰ ਨੇ ਹੁਣ ਤੱਕ 32,630 ਕਰੋੜ ਰੁਪਏ ਖਰਚ ਕੀਤੇ ਹਨ।

ਰਾਜ ਦੇ ਕਰਜ਼ੇ ਸਬੰਧੀ ਸਥਿਤੀ ਸਪੱਸ਼ਟ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਾਨੂੰ ਵਿਰਾਸਤ ਵਿੱਚ 3 ਲੱਖ ਕਰੋੜ ਦਾ ਕਰਜ਼ਾ ਮਿਲਿਆ ਸੀ। ਮੌਜੂਦਾ ਸਰਕਾਰ ਵੱਲੋਂ ਖਰਚੇ ਗਏ ਪੈਸੇ ਦਾ 85 ਫੀਸਦੀ ਹਿੱਸਾ ਪੁਰਾਣੇ ਕਰਜ਼ੇ ਚੁਕਾਉਣ ਵਿੱਚ ਲੱਗ ਰਿਹਾ ਹੈ, ਜਿਸ ਵਿੱਚ 35 ਫੀਸਦੀ ਅਸਲ ਰਕਮ (ਪ੍ਰਿੰਸੀਪਲ) ਅਤੇ 50 ਫੀਸਦੀ ਵਿਆਜ ਸ਼ਾਮਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਡੈਟ ਟੂ ਜੀਐੱਸਡੀਪੀ (Debt to GSDP) ਅਨੁਪਾਤ ਨੂੰ 48.25 ਫੀਸਦੀ ਤੋਂ ਘਟਾ ਕੇ 44.47 ਫੀਸਦੀ ‘ਤੇ ਲਿਆਂਦਾ ਗਿਆ ਹੈ।

ਕਰਮਚਾਰੀਆਂ ਦੇ ਹਿੱਤਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੇ-ਕਮਿਸ਼ਨ ਵਧਾਉਣ ‘ਤੇ 8 ਹਜ਼ਾਰ ਕਰੋੜ ਖਰਚ ਕੀਤੇ ਗਏ ਹਨ। ਇਸ ਤੋਂ ਇਲਾਵਾ 2016 ਤੋਂ 2021 ਤੱਕ ਦਾ 14,191 ਕਰੋੜ ਰੁਪਏ ਦਾ ਏਰੀਅਰ ਪੈਨਸ਼ਨਰਾਂ ਨੂੰ ਦੇ ਦਿੱਤਾ ਗਿਆ ਹੈ ਅਤੇ ਰੈਗੂਲਰ ਮੁਲਾਜ਼ਮਾਂ ਨੂੰ ਮਿਲਣਾ ਸ਼ੁਰੂ ਹੋ ਚੁੱਕਾ ਹੈ।

Read More : ਪੱਛਮੀ ਏਸ਼ੀਆ ਦੇ ਤਣਾਅ ਵਿਚਾਲੇ ਪੀਵੀ ਸਿੰਧੂ ਸੁਰੱਖਿਅਤ ਬੰਗਲੁਰੂ ਪਰਤੀ

Leave a Reply

Your email address will not be published. Required fields are marked *