475 ਵਾਰਡਨ ਅਤੇ 57 ਮੈਟਰਨ ਕੀਤੇ ਜਾਣਗੇ ਭਰਤੀ
ਚੰਡੀਗੜ੍ਹ, 24 ਦਸੰਬਰ : ਜੇਲ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਕੀ ਕੁਸ਼ਲਤਾ ਵਿਚ ਸੁਧਾਰ ਕਰਨ ਲਈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਚੀਮਾ ਨੇ ਅੱਜ ਪੰਜਾਬ ਜੇਲ ਵਿਭਾਗ ਲਈ 532 ਕਰਮਚਾਰੀਆਂ ਦੀ ਸਿੱਧੀ ਭਰਤੀ ਨੂੰ ਅਧਿਕਾਰਤ ਤੌਰ ’ਤੇ ਮਨਜ਼ੂਰੀ ਦੇ ਦਿੱਤੀ ਹੈ। ਇਸ ਭਰਤੀ ਮੁਹਿੰਮ ਤਹਿਤ 475 ਵਾਰਡਨ ਅਤੇ 57 ਮੈਟਰਨ ਭਰਤੀ ਕੀਤੇ ਜਾਣਗੇ।
ਇਹ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ 532 ਅਸਾਮੀਆਂ ਅਧੀਨ ਸੇਵਾਵਾਂ ਚੋਣ (ਐੱਸ. ਐੱਸ. ਐੱਸ.) ਬੋਰਡ ਵੱਲੋਂ ਭਰੀਆਂ ਜਾਣਗੀਆਂ। ਇਹ ਪ੍ਰਕਿਰਿਆ ਪਹਿਲਾਂ ਤੋਂ ਚੱੇਲ ਰਹੀ 451 ਵਾਰਡਨਾਂ ਅਤੇ 20 ਮੈਟਰਨਾਂ ਦੀ ਭਰਤੀ ਦੇ ਨਾਲ-ਨਾਲ ਕੀਤੀ ਜਾਵੇਗੀ, ਜਿਸ ’ਤੇ ਬੋਰਡ ਪਹਿਲਾਂ ਹੀ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨਜ਼ੂਰ ਕੀਤੀ ਗਈ ਭਰਤੀ ਵਿਚ ਵਾਰਡਨ ਦੀਆਂ 7 ਅਸਾਮੀਆਂ ਵੀ ਸ਼ਾਮਲ ਹਨ, ਜੋ 31 ਦਸੰਬਰ, 2026 ਤੱਕ ਸੇਵਾਮੁਕਤੀ ਕਾਰਨ ਖਾਲੀ ਹੋਣ ਦੀ ਉਮੀਦ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਜੇਲ ਵਿਭਾਗ ਇਕ ਵਿਆਪਕ ਪੁਨਰਗਠਨ ਪ੍ਰਕਿਰਿਆ ਅਧੀਨ ਹੈ ਅਤੇ ਵਿਭਾਗ ਦੀ ਕੁਸ਼ਲਤਾ ਵਧਾਉਣ ਲਈ ਇਨ੍ਹਾਂ 532 ਅਸਾਮੀਆਂ ਲਈ ਤੁਰੰਤ ਭਰਤੀ ਜ਼ਰੂਰੀ ਹੈ। ਜੇਲ ਵਿਭਾਗ ਸਟਾਫ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਗਾਰਡਿੰਗ ਸਟਾਫ ਨੂੰ ਡਬਲ ਸ਼ਿਫਟਾਂ ਵਿਚ ਕੰਮ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਭਰਤੀ ਨੂੰ ਮਨਜ਼ੂਰੀ ਦੇਣ ਦਾ ਮੁੱਖ ਮਕਸਦ ਮੌਜੂਦਾ ਸਟਾਫ ’ਤੇ ਬੋਝ ਘਟਾਉਣ ਦੇ ਨਾਲ-ਨਾਲ ਅਸਥਾਈ ਸਟਾਫ ਦੀ ਜਗ੍ਹਾ ਕਰਮਚਾਰੀਆਂ ਦੀ ਰੈਗੂਲਰ ਭਰਤੀ ਕਰਨਾ ਹੈ।
Read More : ਮੁਅੱਤਲ ਡੀਆਈਜੀ ਭੁੱਲਰ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 2 ਜਨਵਰੀ ਨੂੰ
