Sidhu Moosewala

ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ’ਤੇ ਰੋਕ ਲਗਾਉਣ ਲਈ ਪਟੀਸ਼ਨ ਦਾਇਰ

ਸੁਣਵਾਈ 12 ਨੂੰ, ਅਦਾਲਤ ਵੱਲੋਂ ਨੋਟਿਸ ਜਾਰੀ

ਮਾਨਸਾ, 10 ਜੂਨ :-ਸਿੱਧੂ ਮੂਸੇਵਾਲਾ ’ਤੇ ਬੀ. ਬੀ. ਸੀ. ਵੱਲੋਂ ਡਾਕੂਮੈਂਟਰੀ ਬਣਾਉਣ ਨੂੰ ਲੈ ਕੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਪਟੀਸ਼ਨ ਦਾਇਰ ਕਰ ਕੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਇਸ ਤੋਂ ਪਹਿਲਾਂ ਬਲਕੌਰ ਸਿੰਘ ਮੂਸੇਵਾਲਾ ਬੀ. ਬੀ. ਸੀ. ਮਹਾਰਾਸ਼ਟਰ ਅਤੇ ਜੁਹੂ ਪੁਲਸ ਨੂੰ ਪੱਤਰ ਲਿਖ ਕੇ ਡਾਕੂਮੈਂਟਰੀ ’ਤੇ ਰੋਕ ਲਗਾਉਣ ਅਤੇ ਚੈਨਲ ਖਿਲਾਫ ਕਾਰਵਾਈ ਕਰਨ ਦੀ ਮੰਗ ਕਰ ਚੁੱਕਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡਾਕੂਮੈਂਟਰੀ ਨੂੰ ਬਣਾਉਣ ਲਈ ਉਹ ਕਾਫੀ ਦੇਰ ਤੋਂ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ ਪਰ ਹੁਣ ਡਾਕੂਮੈਂਟਰੀ ਬਣਾਉਣ ਵਾਲਿਆਂ ਨੇ ਉਨ੍ਹਾਂ ਤੋਂ ਕੋਈ ਇਜਾਜ਼ਤ ਨਹੀਂ ਲਈ ਗਈ, ਜਿਸ ਨਾਲ ਮੂਸੇਵਾਲਾ ਦੇ ਅਦਾਲਤ ’ਚ ਚੱਲਦੇ ਕੇਸ ਦੇ ਪ੍ਰਭਾਵਿਤ ਹੋਣ ਦਾ ਡਰ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬੀ. ਬੀ. ਸੀ. ਪ੍ਰਬੰਧਕਾਂ ਦੇ ਖਿਲਾਫ ਡੀ. ਜੀ. ਪੀ. ਮਹਾਰਾਸ਼ਟਰ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਮਾਨਸਾ ਦੀ ਅਦਾਲਤ ਵਿਚ ਪਟੀਸ਼ਨ ਦਾਇਰ ਕਰਨ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਇਹ ਡਾਕੂਮੈਂਟਰੀ ਨਹੀਂ ਬਣਨੀ ਚਾਹੀਦੀ ਸੀ। ਉਧਰ ਚੈਨਲ ਵੱਲੋਂ ਡਾਕੂਮੈਂਟਰੀ ਦੇ ਸਬੰਧ ਵਿਚ ਰੱਖਿਆ ਗਿਆ ਪ੍ਰੋਗਰਾਮ ਵੀ 10 ਦਿਨ ਅੱਗੇ ਪਾ ਦਿੱਤਾ ਗਿਆ ਹੈ।

ਮਾਨਸਾ ਦੀ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਰਜਿੰਦਰ ਨਾਗਪਾਲ ਦੀ ਅਦਾਲਤ ’ਚ ਪਟੀਸ਼ਨ ਦਾਇਰ ਕਰ ਕੇ ਉਨ੍ਹਾਂ ਮੰਗ ਕੀਤੀ ਹੈ ਕਿ ਇਸ ਡਾਕੂਮੈਂਟਰੀ ਦੇ ਰਿਲੀਜ਼ ’ਤੇ ਰੋਕ ਲਗਾਈ ਜਾਵੇ ਅਤੇ ਕਿਸੇ ਵੀ ਹਾਲਤ ਵਿਚ ਡਾਕੂਮੈਂਟਰੀ ਰਿਲੀਜ਼ ਨਹੀਂ ਹੋਣੀ ਚਾਹੀਦੀ।

ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ ਮਿਲਣ ਤੋਂ ਬਾਅਦ ਅਜਿਹੀਆਂ ਡਾਕੂਮੈਂਟਰੀਆਂ ਬਣਨ ਸਬੰਧੀ ਵਿਚਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅਜਿਹੀਆਂ ਡਾਕੂਮੈਂਟਰੀਆਂ ਨਹੀਂ ਬਣਨੀਆਂ ਚਾਹੀਦੀਆਂ। ਇਸ ਕੇਸ ਦੀ ਅਗਲੀ ਸੁਣਵਾਈ ਉਕਤ ਅਦਾਲਤ ਵਿਚ 12 ਜੂਨ ਨੂੰ ਹੋਵੇਗੀ। ਜਦੋਂ ਕਿ ਅਦਾਲਤ ਨੇ ਬੀ. ਬੀ. ਸੀ. ਦੇ ਤਿੰਨ ਅਧਿਕਾਰੀਆਂ ਨੂੰ ਇਸ ਮਾਮਲੇ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ’ਤੇ ਬੀ. ਬੀ. ਸੀ. ਵੱਲੋਂ ਡਾਕੂਮੈਂਟਰੀ ਫਿਲਮ ਬਣਾਉਣ ਨੂੰ ਲੈ ਕੇ ਉਸ ਦਾ ਪਰਿਵਾਰ ਕਾਫੀ ਪ੍ਰੇਸ਼ਾਨੀ ਵਿਚ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਡਾਕੂਮੈਂਟਰੀ ਸਿੱਧੂ ਮੂਸੇਵਾਲਾ ਦੇ ਨਾਂ ਅਤੇ ਉਸ ਦੇ ਕਰੀਅਰ ਤੋਂ ਆਪਣਾ ਫਾਇਦਾ ਲੈਣ ਲਈ ਬਣਾਈ ਜਾਣੀ ਹੈ ਪਰ ਇਸ ਨਾਲ ਉਸ ਦਾ ਕੀ ਨੁਕਸਾਨ ਹੋ ਰਿਹਾ ਹੈ, ਇਸ ਦਾ ਕਿਸੇ ਨੂੰ ਨਹੀਂ ਪਤਾ। ਇਸ ਕਰ ਕੇ ਉਨ੍ਹਾਂ ਅਦਾਲਤ ਵਿਚ ਪਟੀਸ਼ਨ ਦਾਇਰ ਕਰ ਕੇ ਅਦਾਲਤ ਰਾਹੀਂ ਇਸ ਡਾਕੂਮੈਂਟਰੀ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

Read More : ਮੁੱਖ ਮੰਤਰੀ ਮਾਨ ਨੂੰ ਮਿਲੇ ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਟਿਵਾਣਾ

Leave a Reply

Your email address will not be published. Required fields are marked *