ਟੀ.ਐੱਲ.ਪੀ. ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ
ਇਸਲਾਮਾਬਾਦ, 18 ਜਨਵਰੀ : ਪਾਕਿਸਤਾਨ ਦੇ ਸਿੰਧ ਸੂਬੇ ’ਚ ਹਿੰਦੂ ਘੱਟ ਗਿਣਤੀ ਅਧਿਕਾਰ ਕਾਰਕੁਨ ਅਤੇ ਨੇਤਾ ਸ਼ਿਵਾ ਕਛੀ ਨੇ ਇਕ ਭਾਵੁਕ ਵੀਡੀਓ ਅਪੀਲ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨਾਬਾਲਗ ਹਿੰਦੂ ਲੜਕੀਆਂ ਨੂੰ ਜਬਰੀ ਅਗਵਾ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਵਿਰੁੱਧ ਆਵਾਜ਼ ਉਠਾਉਣ ਕਾਰਨ ਉਨ੍ਹਾਂ ਦੀ ਜਾਨ ਨੂੰ ਗੰਭੀਰ ਖਤਰਾ ਹੈ।
ਜਾਣਕਾਰੀ ਨੁਸਾਰ ਉਨ੍ਹਾਂ ਨੇ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ.ਐੱਲ.ਪੀ.) ਦੇ ਸਰਹਿੰਦੀ ਗੁੱਟ ਨਾਲ ਜੁੜੇ ਮੌਲਵੀਆਂ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਉਸ ਦੇ ਖਿਲਾਫ ਫਤਵਾ ਜਾਰੀ ਕਰ ਕੇ ਕਤਲ ਦੀ ਧਮਕੀ ਦਿੱਤੀ ਹੈ।
ਸ਼ਿਵਾ ਕਛੀ ਨੇ ਕਿਹਾ ਕਿ ਪਾਕਿਸਤਾਨ ਸਰਕਾਰ, ਸਿੰਧ ਸਰਕਾਰ ਅਤੇ ਪੁਲਸ ਪੂਰੀ ਤਰ੍ਹਾਂ ਚੁੱਪ ਹੈ, ਜਿਸ ਨੂੰ ਉਹ ਸੂਬੇ ਦੀ ਅਸਫਲਤਾ ਅਤੇ ਅਪਰਾਧਿਕ ਮਿਲੀਭੁਗਤ ਕਰਾਰ ਦੇ ਰਹੇ ਹਨ। ਦੱਸ ਦੇਈਏ ਕਿ ਸ਼ਿਵਾ ਕਛੀ ਘੱਟ ਗਿਣਤੀ ਅਧਿਕਾਰ ਸੰਗਠਨ ਦਰਵਾਰ ਇਤੇਹਾਦ ਦੇ ਪ੍ਰਧਾਨ ਅਤੇ ਸੰਸਥਾਪਕ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕਰਦੇ ਹੋਏ ਅੰਤਰਰਾਸ਼ਟਰੀ ਭਾਈਚਾਰੇ ਨੂੰ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਸੰਯੁਕਤ ਰਾਸ਼ਟਰ, ਅਮਰੀਕੀ ਸਰਕਾਰ, ਹਿਊਮਨ ਰਾਈਟਸ ਵਾਚ, ਐਮਨੈਸਟੀ ਇੰਟਰਨੈਸ਼ਨਲ ਅਤੇ ਹੋਰ ਸੰਗਠਨਾਂ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਜੇ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪਾਕਿਸਤਾਨ ਸਰਕਾਰ ਦੀ ਹੋਵੇਗੀ।
Read More : 4 ਮਹੀਨੇ ਪਹਿਲਾ ਇੰਗਲੈਂਡ ਗਏ 2 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
