killed one

ਪਿਓ-ਪੁੱਤ ਨੇ ਇਕ ਨੂੰ ਮਾਰਿਆ, ਦੂਜਾ ਜ਼ਖਮੀ

ਗੈਰ-ਕਾਨੂੰਨੀ ਵਸੂਲੀ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਹਿੰਸਕ ਰੂਪ

ਬਠਿੰਡਾ, 2 ਅਗਸਤ :- ਜ਼ਿਲਾ ਬਠਿੰਡਾ ਦੀ ਸੰਗਤ ਮੰਡੀ ’ਚ ਗੈਰ-ਕਾਨੂੰਨੀ ਵਸੂਲੀ ਨੂੰ ਲੈ ਕੇ ਹੋਏ ਝਗੜੇ ਨੇ ਹਿੰਸਕ ਰੂਪ ਧਾਰ ਲਿਆ। ਬੱਸ ਸਟੈਂਡ ਨੇੜੇ ਗਲੀ ਵਿਕਰੇਤਾਵਾਂ ਤੋਂ ਪੈਸੇ ਵਸੂਲ ਰਹੇ ਬਦਮਾਸ਼ਾਂ ਨੇ ਪਹਿਲਾਂ ਇਕ ਬਰਗਰ ਵੇਚਣ ਵਾਲੇ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਗੁੱਸੇ ’ਚ ਆਏ ਨੌਜਵਾਨ ਨੇ ਆਪਣੇ ਪਿਤਾ ਨਾਲ ਮਿਲ ਕੇ ਹਮਲਾਵਰਾਂ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ।

ਇਸ ਹਮਲੇ ’ਚ ਲੱਖੀ ਨਾਂ ਦੇ ਬਦਮਾਸ਼ ਦੀ ਮੌਤ ਹੋ ਗਈ, ਜਦੋਂ ਕਿ ਉਸਦਾ ਸਾਥੀ ਗੁਰਪ੍ਰੀਤ ਗੰਭੀਰ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਪੀ. (ਡੀ.) ਜਸਮੀਤ ਸਿੰਘ ਅਤੇ ਸੀ.ਆਈ.ਏ.-2 ਦੇ ਇੰਚਾਰਜ ਇੰਸਪੈਕਟਰ ਕਰਨਵੀਰ ਸਿੰਘ ਏਮਜ਼ ਹਸਪਤਾਲ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।

ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਰਗਰ ਵੇਚਣ ਵਾਲੇ ਨੌਜਵਾਨ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕਰ ਕੇ ਪੂਰੀ ਘਟਨਾ ਦਾ ਕਾਰਨ ਦੱਸਿਆ। ਉਸਨੇ ਆਪਣੇ ’ਤੇ ਹੋਏ ਹਮਲੇ ਅਤੇ ਵਸੂਲੀ ਦੀ ਕੋਸ਼ਿਸ਼ ਬਾਰੇ ਜਾਣਕਾਰੀ ਦਿੱਤੀ ਹੈ।

ਮੌਕੇ ’ਤੇ ਮੌਜੂਦ ਲੋਕਾਂ ਅਤੇ ਖਾਸ ਸੂਤਰਾਂ ਅਨੁਸਾਰ ਸ਼ਨੀਵਾਰ ਨੂੰ ਲੱਖੀ ਅਤੇ ਉਸਦਾ ਸਾਥੀ ਸੰਗਤ ਮੰਡੀ ਬੱਸ ਅੱਡੇ ’ਤੇ ਸੜਕਾਂ ’ਤੇ ਵਿਕਰੇਤਾਵਾਂ ਤੋਂ ਪੈਸੇ ਵਸੂਲ ਰਹੇ ਸਨ। ਜਦੋਂ ਉਨ੍ਹਾਂ ਨੇ ਇਕ ਬਰਗਰ ਵਿਕਰੇਤਾ ਤੋਂ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਤਾਂ ਵਿਰੋਧ ਕਰਨ ’ਤੇ ਉਸਦੀ ਕੁੱਟਮਾਰ ਕਰ ਦਿੱਤੀ ਤਾਂ ਪੀੜਤ ਨੇ ਇਹ ਗੱਲ ਆਪਣੇ ਪਿਤਾ ਨੂੰ ਦੱਸੀ।

ਇਸ ਤੋਂ ਬਾਅਦ ਦੋਵੇਂ ਪਿਓ-ਪੁੱਤਰ ਨੇ ਲੱਖੀ ਅਤੇ ਗੁਰਪ੍ਰੀਤ ਨੂੰ ਬੱਸ ਅੱਡੇ ’ਤੇ ਲੱਭ ਕੇ ਉਨ੍ਹਾਂ ’ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ। ਲੱਖੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਗੁਰਪ੍ਰੀਤ ਨੂੰ ਗੰਭੀਰ ਹਾਲਤ ’ਚ ਏਮਜ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਹਮਲੇ ਦੌਰਾਨ ਲੱਖੀ ਨੇ ਪਿਸਤੌਲ ਤੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲੇ ਦੀ ਸ਼ੁਰੂਆਤ ’ਚ ਹੀ ਉਸਦਾ ਹਥਿਆਰ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੱਖੀ ਹਾਲ ਹੀ ’ਚ ਜ਼ਮਾਨਤ ’ਤੇ ਜੇਲ ਤੋਂ ਰਿਹਾਅ ਹੋਇਆ ਸੀ ਅਤੇ ਸੰਗਤ ਮੰਡੀ ਇਲਾਕੇ ’ਚ ਜਬਰੀ ਵਸੂਲੀ ਅਤੇ ਡਰ ਫੈਲਾਉਣ ਲਈ ਬਦਨਾਮ ਸੀ। ਹਮਲੇ ਤੋਂ ਬਾਅਦ ਮੁਲਜ਼ਮ ਪਿਓ-ਪੁੱਤ ਮੌਕੇ ਤੋਂ ਭੱਜ ਗਏ। ਪੁਲਸ ਨੇ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਨੂੰ ਵੀ ਜਾਂਚ ਦਾ ਹਿੱਸਾ ਬਣਾਇਆ ਜਾਵੇਗਾ।

Read More : ਵਿੱਤ ਮੰਤਰੀ ਹਰਪਾਲ ਚੀਮਾ ਦਾ ਐਲਾਨ

Leave a Reply

Your email address will not be published. Required fields are marked *