ਵੋਟਾਂ ਦੀ ਗਿਣਤੀ ਲਈ 10,500 ਮੁਲਾਜ਼ਮ ਤਾਇਨਾਤ
ਜ਼ਿਲਾ ਪ੍ਰੀਸ਼ਦ ਦੇ 15, ਪੰਚਾਇਤ ਸੰਮਤੀਆਂ ਦੇ 181 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ
ਚੰਡੀਗੜ੍ਹ, 16 ਦਸੰਬਰ : ਸੂਬੇ ਅੰਦਰ ਅੱਜ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ 4087 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਖੁੱਲ੍ਹੇਗਾ। ਸੱਤਾਧਾਰੀ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ, ਜਦੋਂਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਨ੍ਹਾਂ ਵੋਟਾਂ ਦੀ ਗਿਣਤੀ ਨਿਰਪੱਖ ਢੰਗ ਨਾਲ ਕਰਵਾਉਣ ਅਤੇ ਸੱਤਾਧਾਰੀ ਪਾਰਟੀ ਦੇ ਜਾਅਲੀ ਬੈਲਟ ਪੇਪਰ ਛਪਵਾ ਕੇ ਰੱਖਣ ਦੇ ਦੋਸ਼ ਲਗਾ ਚੁੱਕੇ ਹਨ।
ਇਨ੍ਹਾਂ ਵੋਟਾਂ ਦੀ ਗਿਣਤੀ ਲਈ ਸਖਤ ਸੁਰੱਖਿਆ ਤੇ ਗਿਣਤੀ ਅਧਿਕਾਰੀਆਂ ਦੇ ਵੱਡੀ ਗਿਣਤੀ ਵਿਚ ਤਾਇਨਾਤੀ ਕੀਤੀ ਗਈ ਹੈ, ਜਿਸ ਵਿਚ 10 ਹਜ਼ਾਰ 500 ਮੁਲਾਜ਼ਮ ਗਿਣਤੀ ਦੇ ਇਸ ਕਾਰਜ ਨੂੰ ਨੇਪਰੇ ਚਾੜ੍ਹਨਗੇ। ਇਨ੍ਹਾਂ ਚੋਣਾਂ ਵਿਚ ਜਿਹੜੀ ਵੀ ਪਾਰਟੀ ਜਿੱਤੀ, ਉਹ ਪੇਂਡੂ ਖੇਤਰ ਵਿਚ ਆਪਣੀ ਪਕੜ ਵਧਾਵੇਗੀ ਤੇ ਇਨ੍ਹਾਂ ਚੋਣਾਂ ਦੇ ਨਤੀਜੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿਚ ਵੀ ਦੇਖੇ ਜਾਣਗੇ।
ਰਾਜ ਚੋਣ ਕਮਿਸ਼ਨ ਵਲੋਂ ਸੂਬੇ ਭਰ ਦੇ ਥਾਵਾਂ ’ਤੇ ਜ਼ਿਲੇ ਵਿਚ 14 ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਕਰਵਾਉਣ ਦੇ ਪ੍ਰਬੰਧ ਕੀਤੇ ਗਏ ਹਨ। ਇਸ ਵਾਸਤੇ 153 ਗਿਣਤੀ ਕੇਂਦਰ ਬਣਾਏ ਗਏ ਹਨ। ਸੂਬੇ ਅੰਦਰ ਜ਼ਿਲਾ ਪ੍ਰੀਸ਼ਦ ਦੇ 347 ਜ਼ੋਨਾਂ ਲਈ ਕੁੱਲ 1249 ਤੇ ਪੰਚਾਇਤ ਸੰਮਤੀਆਂ ਲਈ 2838 ਜ਼ੋਨਾਂ ਲਈ 8 ਹਜ਼ਾਰ ਦੇ ਕਰੀਬ ਉਮੀਦਵਾਰਾਂ ਨੇ ਇਹ ਚੋਣ ਲੜੀ। ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ 17 ਦਸੰਬਰ ਨੂੰ ਖੁੱਲ੍ਹੇਗਾ।
ਜ਼ਿਕਰਯੋਗ ਹੈ ਕਿ ਉਕਤ ਚੋਣਾਂ ਦੇ ਸਬੰਧ ਵਿਚ ਪੇਂਡੂ ਖੇਤਰ ਦੇ 1.30 ਕਰੋੜ ਵੋਟਰਾਂ ਨੇ ਆਪਣੇ ਵੋਟ ਦੀ ਵਰਤੋਂ ਕਰਨ ਦਾ ਅਧਿਕਾਰ ਮਿਲਿਆ, ਜਿਨ੍ਹਾਂ ਵਿਚੋਂ 62 ਲੱਖ ਦੇ ਕਰੀਬ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਸੂਬੇ ਭਰ ਵਿਚ 48.40 ਫੀਸਦੀ ਵੋਟਿੰਗ ਰਹੀ। ਮਲੇਰਕੋਟਲਾ ਤੇ ਮਾਨਸਾ ਵਿਚ ਸਭ ਤੋਂ ਵੱਧ ਵੋਟਿੰਗ ਭੁਗਤਾਨ ਦਰ ਨੋਟ ਕੀਤੀ ਗਈ।
ਭਾਵੇਂ ਇਨ੍ਹਾਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਅਨੇਕਾਂ ਉਮੀਦਵਾਰ ਆਪਣੀ ਜਿੱਤ ਦਾ ਪਰਚਮ ਲਹਿਰਾਉਣਗੇ ਪਰ ਚੋਣਾਂ ਦੌਰਾਨ ਜ਼ਿਲਾ ਪ੍ਰੀਸ਼ਦ ਦੇ 15, ਪੰਚਾਇਤ ਸੰਮਤੀਆਂ ਦੇ 181 ਉਮੀਦਵਾਰ ਬਿਨਾਂ ਮੁਕਾਬਲਾ ਪਹਿਲਾਂ ਹੀ ਚੁਣੇ ਜਾ ਚੁੱਕੇ ਹਨ।
Read More : ਕੈਦੀਆਂ ਵਿਚ ਝੜਪ, ਜੇਲ੍ਹ ਸੁਪਰਡੈਂਟ ਦੇ ਸਿਰ ‘ਤੇ ਮਾਰੀ ਇੱਟ
