ਅਜਨਾਲਾ, 22 ਸਤੰਬਰ : ਅਜਨਾਲਾ ਸੈਕਟਰ ਦੇ ਸਰਹੱਦੀ ਪਿੰਡਾਂ ਬੱਲ ਲਭੇ ਦਰਿਆ, ਕਮੀਰਪੁਰਾ, ਸਾਹੋਵਾਲ ਆਦਿ ਪਿੰਡਾਂ ਦੀਆਂ ਰਾਵੀ ਦਰਿਆ ’ਚ ਆਏ ਭਿਆਨਕ ਹੜ੍ਹ ਦੀ ਮਾਰ ਹੇਠ ਆਈਆਂ ਫਸਲਾਂ ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਚੇਚੇ ਤੌਰ ’ਤੇ ਪੁੱਜੇ ਅਤੇ ਦਰਿਆ ਤੋਂ ਪਾਰ ਦੀਆਂ ਬਰਬਾਦ ਹੋਈਆਂ ਫਸਲਾਂ ਦਾ ਜਾਇਜ਼ਾ ਲਿਆ ਗਿਆ ।
ਇਸ ਮੌਕੇ ਧਾਲੀਵਾਲ ਨੇ ਹੜ੍ਹ ਕਾਰਨ ਰੇਤ ਤੇ ਗਾਰ ’ਚ ਦੱਬੇ 6 ਟਰੈਕਟਰਾਂ ’ਚੋਂ 3 ਨੂੰ ਮੌਕੇ ’ਤੇ ਹੀ ਬਾਹਰ ਕੱਢਣ ਦੀ ਪ੍ਰਕਿਰਿਆ ਦੀ ਖੁਦ ਅਗਵਾਈ ਕੀਤੀ ਅਤੇ ਟਰੈਕਟਰਾਂ ਨੂੰ ਬੇੜੇ ’ਚ ਲੱਦ ਕੇ ਖਤਰਿਆਂ ਨਾਲ ਜੂਝਦੇ ਹੋਏ ਪਿੰਡ ਬੱਲ ਲਭੇ ਦੇ ਕਿਸਾਨ ਮਾਲਕਾਂ ਦੇ ਸਪੁਰਦ ਕੀਤੇ।
ਹੜ੍ਹ ’ਚ ਇਕ ਵੱਡਾ ਬੇੜਾ ਅਤੇ ਇਕ ਬੇੜੀ ਰੁੜ੍ਹ ਜਾਣ ਦੇ ਮੱਦੇਨਜ਼ਰ ਨਵਾਂ ਬੇੜਾ ਤੇ ਬੇੜੀ ਮੁਹੱਈਆ ਕਰਵਾਏ ਜਾਣ ਦੀ ਪ੍ਰਭਾਵਿਤ ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਧਾਲੀਵਾਲ ਨੇ ਆਪਣੀ ਨਿੱਜੀ ਜੇਬ ’ਚੋਂ ਇਕ ਲੱਖ ਰੁਪਏ ਭੇਟ ਕਰਦਿਆਂ ਵਰਕਸ਼ਾਪ ਕਾਰੀਗਰਾਂ ਨੂੰ ਫੋਨ ਕਰ ਕੇ 2 ਹਫਤੇ ਵਿਚ ਨਵਾਂ ਬੇੜਾ ਤੇ ਬੇੜੀ ਪ੍ਰਭਾਵਿਤ ਕਿਸਾਨਾਂ ਨੂੰ ਸੌਂਪੇ ਜਾਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਦੱਸਿਆ ਕਿ ਪਿੰਡ ਬੱਲ ਲਭੇ ਦਰਿਆ ਦੀ ਕਰੀਬ 250 ਏਕੜ ਉਪਜਾਊ ਜ਼ਮੀਨ ਸਮੇਤ ਹਲਕਾ ਅਜਨਾਲਾ ’ਚ ਵਗਦੇ ਰਾਵੀ ਦਰਿਆ ਨਾਲ ਅੰਦਾਜ਼ਨ 1000 ਏਕੜ ਉਪਜਾਊ ਜ਼ਮੀਨ ਲੱਭਣ ’ਚ ਅਸਮਰਥ ਕਿਸਾਨ ਚਿੰਤਤ ਦਿਖਾਈ ਦੇ ਰਹੇ ਹਨ।
Read More : ਏਸ਼ੀਆ ਕੱਪ ਵਿਚ ਭਾਰਤ ਦੀ ਸ਼ਾਨਦਾਰ ਜਿੱਤ