ਸਟਾਫ਼ ’ਤੇ ਲਾਪਰਵਾਹੀ ਦੇ ਦੋਸ਼
ਪਟਿਆਲਾ, 11 ਅਕਤੂਬਰ : ਰਾਜਿੰਦਰਾ ਹਸਪਤਾਲ ਪਟਿਆਲਾ ’ਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਮਰੀਜ਼ ਦੀ ਅਚਾਨਕ ਮੌਤ ਹੋਣ ’ਤੇ ਪਰਿਵਾਰਕ ਮੈਂਬਰਾਂ ਨੇ ਨਰਸਿੰਗ ਸਟਾਫ਼ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਦੋਸ਼ ਲਗਾਏ।
ਜਾਣਕਾਰੀ ਮੁਤਾਬਕ ਮ੍ਰਿਤਕ ਸੁਮੇਰ ਸਿੰਘ ਦੋ ਦਿਨ ਪਹਿਲਾਂ ਹੀ ਰਾਜਿੰਦਰਾ ਹਸਪਤਾਲ ’ਚ ਦਾਖ਼ਲ ਹੋਇਆ ਸੀ ਅਤੇ ਉਸਨੂੰ ਇਨਫੈਕਸ਼ਨ ਹੋ ਗਿਆ ਸੀ। ਮ੍ਰਿਤਕ ਸੁਮੇਰ ਸਿੰਘ ਦੇ ਪੁੱਤਰ ਅਮਰੀਕ ਸਿੰਘ ਨੇ ਦੱਸਿਆ ਕਿ ਵਾਰਡ ’ਚ ਤਾਇਨਾਤ ਨਰਸਿੰਗ ਸਟਾਫ਼ ਵੱਲੋਂ ਗਲਤ ਟੀਕਾ ਲਗਾਉਣ ਕਾਰਨ ਉਸਦੇ ਪਿਤਾ ਦੀ ਮੌਤ ਹੋਈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮਰੀਜ਼ ਨੂੰ ਦਵਾਈ ਦੀ ਡੋਜ਼ ਵੱਧ ਦੇ ਦਿੱਤੀ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ।
ਮ੍ਰਿਤਕ ਦੇ ਭਤੀਜੇ ਗੁਰਜੰਟ ਸਿੰਘ ਨੇ ਦੱਸਿਆ ਕਿ ਜਦੋਂ ਉਹ ਰਾਤ ਨੂੰ ਰੋਟੀ ਲੈ ਕੇ ਹਸਪਤਾਲ ਆ ਰਿਹਾ ਸੀ, ਤਦ ਉਸਦੀ ਆਪਣੇ ਤਾਇਆ ਨਾਲ ਗੱਲ ਹੋਈ ਸੀ ਅਤੇ ਉਹ ਠੀਕ ਸਨ ਪਰ ਕਰੀਬ 10 ਮਿੰਟ ਬਾਅਦ ਜਦੋਂ ਉਹ ਵਾਰਡ ’ਚ ਪਹੁੰਚਿਆ ਤਾਂ ਤਾਇਆ ਦੀ ਮੌਤ ਹੋ ਚੁੱਕੀ ਸੀ। ਉਸਨੇ ਦੱਸਿਆ ਕਿ ਜਦੋਂ ਉਸਨੇ ਮੌਕੇ ’ਤੇ ਮੌਜੂਦ ਡਾਕਟਰ ਨਾਲ ਮੌਤ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡਾਕਟਰ ਮੌਕੇ ਤੋਂ ਚਲਾ ਗਿਆ, ਜਿਸ ਨਾਲ ਸਾਫ਼ ਹੈ ਕਿ ਹਸਪਤਾਲ ਸਟਾਫ਼ ਦੀ ਲਾਪਰਵਾਹੀ ਨਾਲ ਹੀ ਮੌਤ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਲਾਪਰਵਾਹੀ ਕਰਨ ਵਾਲੇ ਸਟਾਫ਼ ਖ਼ਿਲਾਫ਼ ਕਾਰਵਾਈ ਹੋ ਸਕੇ। ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਵਿੱਚ ਕੋਈ ਲਾਪਰਵਾਹੀ ਕੀਤੀ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣਗੇ, ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ।
ਇਸ ਮਾਮਲੇ ਸਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ ਅਤੇ ਪੜਤਾਲ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਵੇਗੀ।
Read More : ਮੰਤਰੀ ਭਗਤ ਨੇ ਸਾਬਕਾ ਸੈਨਿਕਾਂ ਨੂੰ ਇਮਾਨਦਾਰੀ ਤੇ ਸਖ਼ਤ ਮਿਹਨਤ ਦਾ ਪ੍ਰਤੀਕ ਦੱਸਿਆ