ਪਿੰਡ ਜੀਦਾ ਵਿਚ ਦਹਿਸ਼ਤ ਤੋਂ ਬਾਅਦ ਹੁਣ ਰਾਹਤ
ਬਠਿੰਡਾ, 21 ਸਤੰਬਰ : ਜ਼ਿਲਾ ਬਠਿੰਡਾ ਦੇ ਪਿੰਡ ਜੀਦਾ ਦੇ ਘਰ ਵਿਚ ਪਈ ਧਮਾਕਾਖੇਜ ਸਮੱਗਰੀ ਨੂੰ ਭਾਰਤੀ ਫੌਜ ਦੀ ਟੀਮ ਨੇ ਨਸ਼ਟ ਕਰ ਦਿੱਤਾ ਹੈ। ਫੌਜ ਦੀ ਟੀਮ ਨੇ ਮੁਜ਼ਲਮ ਗੁਰਪ੍ਰੀਤ ਸਿੰਘ ਦੇ ਘਰ ਨੂੰ ਹੁਣ ਸੁਰੱਖਿਅਤ ਐਲਾਨ ਦਿੱਤਾ ਹੈ। ਧਮਾਕਾਖੇਜ ਸਮੱਗਰੀ ਨਸ਼ਟ ਕਰਨ ਲਈ ਪੁਲਿਸ ਨੂੰ 8 ਦਿਨ ਅਤੇ ਫੌਜ ਨੂੰ 2 ਦਿਨ ਲੱਗੇ। ਪਿੰਡ ਵਿੱਚ ਦਹਿਸ਼ਤ ਤੋਂ ਬਾਅਦ ਹੁਣ ਰਾਹਤ ਦੀ ਭਾਵਨਾ ਹੈ।
ਫੌਜ ਨੇ ਹੁਣ ਗੁਰਪ੍ਰੀਤ ਵੱਲੋਂ ਘਰ ਅੰਦਰ ਜਮ੍ਹਾਂ ਕੀਤੇ ਕੈਮੀਕਲਾਂ ਨੂੰ ਨਸ਼ਟ ਕਰ ਦਿੱਤਾ ਹੈ ਅਤੇ ਘਰ ਨੂੰ ਸੈਨੇਟਾਈਜ਼ਡ ਐਲਾਨ ਦਿੱਤਾ ਹੈ। ਫੌਜ ਦੀ ਬੰਬ ਨਿਰੋਧਕ ਅਤੇ ਤਕਨੀਕੀ ਟੀਮ ਵੀਰਵਾਰ ਨੂੰ ਗੁਰਪ੍ਰੀਤ ਦੇ ਘਰ ਪਹੁੰਚੀ ਸੀ ਅਤੇ ਘਰ ਅੰਦਰ ਚੰਗੀ ਤਰ੍ਹਾਂ ਨਿਰੀਖਣ ਕੀਤਾ। ਆਧੁਨਿਕ ਯੰਤਰਾਂ ਦੀ ਵਰਤੋਂ ਕਰਦਿਆਂ ਟੀਮ ਨੇ ਘਰ ਦੇ ਹਰ ਹਿੱਸੇ ਦੀ ਡੂੰਘਾਈ ਨਾਲ ਜਾਂਚ ਕੀਤੀ।
ਫੌਜ ਨੇ ਤਲਾਸ਼ੀ ਦੌਰਾਨ ਮਿਲੇ ਕੈਮੀਕਲਾਂ ਨੂੰ ਨਸ਼ਟ ਕਰ ਦਿੱਤਾ। ਜਾਂਚ ਦੌਰਾਨ ਪੁਲਿਸ ਅਤੇ ਫੌਜ ਦੀਆਂ ਟੀਮਾਂ ਨੇ ਕਿਸੇ ਵੀ ਸੰਭਾਵੀ ਖ਼ਤਰੇ ਨੂੰ ਰੋਕਣ ਲਈ ਘਰ ਦੇ ਆਲੇ-ਦੁਆਲੇ ਦੇ ਖੇਤਰ ਨੂੰ 10 ਦਿਨਾਂ ਲਈ ਸੀਲ ਕਰ ਦਿੱਤਾ ਸੀ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਪੂਰੇ ਪਿੰਡ ਵਿੱਚ ਦਹਿਸ਼ਤ ਪੈਦਾ ਕੀਤੀ ਹੋਈ ਸੀ। ਲੋਕ ਖਾਸ ਤੌਰ ’ਤੇ ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਸਨ। ਹਾਲਾਂਕਿ ਫੌਜ ਦੀ ਪੂਰੀ ਜਾਂਚ ਅਤੇ ਕਲੀਨ ਚਿੱਟ ਤੋਂ ਬਾਅਦ ਪੁਲਿਸ ਅਧਿਕਾਰੀਆਂ ਤੇ ਪਿੰਡ ਵਾਸੀਆਂ ਨੇ ਰਾਹਤ ਦਾ ਸਾਹ ਲਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਗੁਰਪ੍ਰੀਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੂੰ ਵਿਸਫੋਟਕ ਸਮੱਗਰੀ ਕਿੱਥੋਂ ਮਿਲੀ ਅਤੇ ਉਸ ਦਾ ਅਸਲ ਉਦੇਸ਼ ਕੀ ਸੀ।
ਪੁਲਿਸ ਨੇ ਰੋਬੋਟ ਦੀ ਮਦਦ ਨਾਲ ਕੈਮੀਕਲਾਂ ਨੂੰ ਨਸ਼ਟ ਕਰਨ ਦਾ ਯਤਨ ਕੀਤਾ ਪਰ ਧਮਾਕਿਆਂ ਕਾਰਨ ਰੋਬੋਟ ਵੀ ਨੁਕਸਾਨਿਆ ਗਿਆ ਸੀ। ਥੋੜ੍ਹੀ ਜਿਹੀ ਰਗੜ ਨਾਲ ਹੀ ਘਰ ਅੰਦਰ ਧਮਾਕੇ ਹੋ ਜਾਂਦੇ ਸਨ, ਜਿਸ ਤੋਂ ਬਾਅਦ ਬਠਿੰਡਾ ਪੁਲਿਸ ਨੇ ਫੌਜ ਦੀ ਮਦਦ ਲਈ।
Read More : ਪਟਿਆਲਾ ’ਚ ਬੌਣਾ ਵਾਇਰਸ ਨਾਲ ਹਜ਼ਾਰਾਂ ਏਕੜ ਝੋਨਾ ਖਰਾਬ ਹੋਇਆ : ਸਿਹਤ ਮੰਤਰੀ