5 ਗ੍ਰਿਫ਼ਤਾਰ, ਪਿਸਤੌਲ, ਡਰੋਨ, ਹੈਰੋਇਨ ਅਤੇ ਹਵਾਲਾ ਰਾਸ਼ੀ ਬਰਾਮਦ
ਅੰਮ੍ਰਿਤਸਰ, 16 ਜੁਲਾਈ :-ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਨੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਪੁਲਸ ਵੱਲੋਂ ਕੀਤੀ ਗਈ ਇਕ ਸਾਂਝੀ ਕਾਰਵਾਈ ਵਿਚ ਸਰਹੱਦ ਪਾਰ ਤੋਂ ਹੈਰੋਇਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਮੱਗਲਿੰਗ ਵਿਚ ਸ਼ਾਮਲ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਥਾਣਾ ਛੇਹਰਟਾ ਦੀ ਪੁਲਸ ਨੇ ਐੱਨ. ਡੀ. ਪੀ. ਐੱਸ. ਅਤੇ ਆਰਮਜ਼ ਐਕਟ ਤਹਿਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 5 ਪਿਸਤੌਲਾਂ, 2 ਜ਼ਿੰਦਾ ਕਾਰਤੂਸ, 50 ਗ੍ਰਾਮ ਹੈਰੋਇਨ, 6,90,000/ਹਵਾਲਾ ਰਾਸ਼ੀ ਅਤੇ 1 ਡਰੋਨ ਬਰਾਮਦ ਕੀਤਾ ਹੈ। ਇਸ ਸਾਰੀ ਕਾਰਵਾਈ ਦੀ ਅਗਵਾਈ ਡੀ. ਸੀ. ਪੀ. (ਜਾਂਚ) ਰਵਿੰਦਰਪਾਲ ਸਿੰਘ ਸੰਧੂ, ਏ. ਡੀ. ਸੀ. ਪੀ. (ਜਾਂਚ) ਜਗਬਿੰਦਰ ਸਿੰਘ, ਏ. ਸੀ. ਪੀ. (ਜਾਂਚ) ਹਰਮਿੰਦਰ ਸਿੰਘ ਸੰਧੂ ਅਤੇ ਸੀ. ਆਈ. ਏ. ਸਟਾਫ-1 ਇੰਸਪੈਕਟਰ ਅਮੋਲਕਦੀਪ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ।
ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਡੋਲੂ ਵਾਸੀ ਛੇਹਰਟਾ, ਜਗਜੀਤ ਸਿੰਘ ਉਰਫ਼ ਜੱਗੀ ਵਾਸੀ ਨਵੀਂ ਦਿੱਲੀ, ਅਰਸ਼ਦੀਪ ਸਿੰਘ ਉਰਫ਼ ਬਾਬਾ ਵਾਸੀ ਘਰਿੰਡਾ, ਕਰਨਜੀਤ ਸਿੰਘ ਉਰਫ਼ ਕਰਨ ਵਾਸੀ ਘਰਿੰਡਾ ਅਤੇ ਹਰਪਾਲ ਸਿੰਘ ਉਰਫ਼ ਭਾਲਾ ਵਾਸੀ ਖਾਲੜਾ ਜ਼ਿਲਾ ਤਰਨਤਾਰਨ ਵਜੋਂ ਹੋਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਖੁਲਾਸਾ ਕੀਤਾ ਕਿ ਇਹ ਗਿਰੋਹ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰ ਆਯਾਤ ਕਰਨ ਲਈ ਡਰੋਨ ਦੀ ਵਰਤੋਂ ਕਰ ਰਿਹਾ ਸੀ ਅਤੇ ਇਹ ਗਿਰੋਹ ਪੰਜਾਬ ਅਤੇ ਦਿੱਲੀ ਵਿਚ ਬਹੁਤ ਸਰਗਰਮ ਸੀ। ਇਸ ਦੇ ਨਾਲ ਹੀ 50 ਗ੍ਰਾਮ ਹੈਰੋਇਨ ਅਤੇ 1 ਪਿਸਤੌਲ ਨਾਲ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਗੁਰਵਿੰਦਰ ਸਿੰਘ ਖ਼ਿਲਾਫ਼ ਅਸਲਾ ਐਕਟ, ਕਤਲ ਦੀ ਕੋਸ਼ਿਸ਼ ਅਤੇ ਡਕੈਤੀ ਤਹਿਤ 6 ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਸਾਲ 2014 ਵਿਚ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਵੱਧਣ ਕਾਰਨ ਮੁਲਜ਼ਮ ਜਗਜੀਤ ਸਿੰਘ ਉਰਫ਼ ਜੱਗੀ ਅਤੇ ਉਸ ਦਾ ਭਰਾ ਗੁਰਵਿੰਦਰ ਸਿੰਘ ਭਾਰਤ (ਨਵੀਂ ਦਿੱਲੀ) ਭੱਜ ਗਏ ਸਨ। ਅਫ਼ਗਾਨਿਸਤਾਨ ਵਿਚ ਰਹਿੰਦੇ ਹੋਏ ਮੁਲਜ਼ਮ ਜਗਜੀਤ ਸਿੰਘ ਪਠਾਨ ਨਾਮਕ ਵਿਅਕਤੀ ਦੇ ਸੰਪਰਕ ਵਿਚ ਸੀ। ਜਗਜੀਤ ਦੇ ਭਾਰਤ ਆਉਣ ਤੋਂ ਬਾਅਦ ਪਠਾਨ ਪਾਕਿਸਤਾਨ ਚਲਾ ਗਿਆ, ਜਿੱਥੇ ਉਹ ਇਸ ਸਮੇਂ ਡਰਾਈ ਫਰੂਟ ਦਾ ਕਾਰੋਬਾਰ ਕਰ ਰਿਹਾ ਹੈ।
ਹਾਲਾਂਕਿ, ਮਾਮਲੇ ਦੀ ਜਾਂਚ ਅਤੇ ਖੁਫੀਆ ਜਾਣਕਾਰੀ ਤੋਂ ਪਤਾ ਲੱਗਾ ਕਿ ਇਹ ਕਾਰੋਬਾਰ ਪਠਾਨ ਵਲੋਂ ਚਲਾਏ ਜਾ ਰਹੇ ਨਾਰਕੋ ਨੈਟਵਰਕ ਦਾ ਇਕ ਫਰੰਟ ਹੈ। ਉਸ ਦੇ ਨਿਰਦੇਸ਼ਾਂ ’ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਜਗਜੀਤ ਸਿੰਘ ਦੀ ਜਾਣ-ਪਛਾਣ ਪਾਕਿਸਤਾਨੀ ਸਮੱਗਲਰਾਂ ਸ਼ਾਹ ਅਤੇ ਸ਼ਹਿਜ਼ਾਦ ਜੱਟ ਨਾਲ ਿਮਲਵਾਇਆ। ਇਸ ਤੋਂ ਬਾਅਦ ਮੁਲਜ਼ਮ ਜਗਜੀਤ ਨੇ ਅੰਮ੍ਰਿਤਸਰ ਖੇਤਰ ਤੋਂ ਹਵਾਲਾ ਰਾਸ਼ੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਲਈ ਉਸ ਨੂੰ 2 ਪ੍ਰਤੀਸ਼ਤ ਕਮਿਸ਼ਨ ਮਿਲਦਾ ਸੀ। ਦੂਜੇ ਪਾਸੇ ਮੁਲਜ਼ਮ ਗੁਰਵਿੰਦਰ ਵਲੋਂ ਕੀਤੇ ਗਏ ਖੁਲਾਸੇ ’ਤੇ ਬਾਕੀ ਤਿੰਨ ਮੁਲਜ਼ਮਾਂ ਨੂੰ ਉਕਤ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਪਿਸਤੌਲ ਅਤੇ ਖੇਪ ਲਿਜਾਣ ਵਾਲੇ ਡਰੋਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।
ਦੂਜੇ ਪਾਸੇ ਥਾਣਾ ਘਰਿੰਡਾ ਦੀ ਪੁਲਸ ਨੇ ਪਹਿਲਾਂ ਹੀ ਮੁਲਜ਼ਮ ਅਰਸ਼ਦੀਪ ਦੀ ਮਾਂ ਅਤੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਤੋਂ ਵੱਡੀ ਮਾਤਰਾ ਵਿਚ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਉਸ ਦੀ ਮਾਂ ਅਤੇ ਭਰਾ ਤੋਂ 2 ਕਿਲੋ ਹੈਰੋਇਨ, 30 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ 10 ਪਿਸਤੌਲਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ 25 ਸਾਲਾ ਮੁਲਜ਼ਮ ਇਕ ਪੇਸ਼ੇਵਰ ਅਪਰਾਧੀ ਹੈ ਅਤੇ ਮੁਲਜ਼ਮ ਗੁਰਵਿੰਦਰ ਸਿੰਘ ’ਤੇ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿਚ 7 ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਮੁਲਜ਼ਮਾਂ ਦੇ ਅੱਗੇ ਅਤੇ ਪਿੱਛੇ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
Read More : ਹਾਈਕੋਰਟ ਨੇ ਕਰਨਲ ਕੁੱਟਮਾਰ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ