ਅੱਤਵਾਦੀਆਂ ਨੂੰ ਦਿੱਤੀ ਸਿੱਧੀ ਧਮਕੀ—ਕਿਹਾ, ਤੁਸੀਂ ਸਾਡੇ 2 ਮਾਰੇ, ਅਸੀਂ ਤੁਹਾਡੇ 10 ਮਾਰਾਂਗੇ
ਗੁਰਦਾਸਪੁਰ, 23 ਫਰਵਰੀ : ਜ਼ਿਲਾ ਗੁਰਦਾਸਪੁਰ ’ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਆਦੀਆਂ ਪੁਲਸ ਚੌਕੀ ’ਤੇ ਤਾਇਨਾਤ ਏ.ਐੱਸ.ਆਈ. ਗੁਰਨਾਮ ਸਿੰਘ ਅਤੇ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਦੀ ਹੱਤਿਆ ਦੇ ਮਾਮਲੇ ’ਚ ਹੁਣ ਇਕ ਨਵਾਂ ਮੋੜ ਆ ਗਿਆ ਹੈ। ਜਿੱਥੇ ਇਸ ਕਤਲ ਦੀ ਜ਼ਿੰਮੇਵਾਰੀ ‘ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ’ ਨਾਮਕ ਇਕ ਅੱਤਵਾਦੀ ਸੰਗਠਨ ਨੇ ਲਈ ਹੈ, ਉੱਥੇ ਹੀ ਹੁਣ ਇਸ ਮਾਮਲੇ ’ਚ ਲਾਰੈਂਸ ਬਿਸ਼ਨੋਈ ਗੈਂਗ ਦੀ ਐਂਟਰੀ ਹੋ ਗਈ ਹੈ।
ਲਾਰੈਂਸ ਗੈਂਗ ਦੇ ਇਕ ਗੈਂਗਸਟਰ ਹੈਰੀ ਬਾਕਸਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਅੱਤਵਾਦੀਆਂ ਨੂੰ ਸਿੱਧੀ ਧਮਕੀ ਦਿੱਤੀ ਹੈ। ਪੋਸਟ ’ਚ ਕਿਹਾ ਗਿਆ ਹੈ ਕਿ ਅੱਤਵਾਦੀਆਂ ਨੇ ਸਾਡੇ ਦੇਸ਼ ਦੇ ਦੋ ਇਮਾਨਦਾਰ ਪੁਲਸ ਅਧਿਕਾਰੀਆਂ ਨੂੰ ਸ਼ਹੀਦ ਕੀਤਾ ਹੈ ਅਤੇ ਇਸ ਦਾ ਬਦਲਾ ਖ਼ੂਨ ਨਾਲ ਲਿਆ ਜਾਵੇਗਾ। ਲਾਰੈਂਸ ਗਰੁੱਪ ਨੇ ਧਮਕੀ ਦਿੰਦਿਆਂ ਕਿਹਾ, “ਤੁਸੀਂ ਦੋ ਸ਼ਹੀਦ ਕੀਤੇ ਹਨ, ਅਸੀਂ ਤੁਹਾਡੇ 10 ਮਾਰਾਂਗੇ। ਅਸੀਂ ਉਨ੍ਹਾਂ ਲੋਕਾਂ ਦੀਆਂ ਅੱਖਾਂ ਕੱਢ ਦੇਵਾਂਗੇ ਜੋ ਦੇਸ਼ ਦੀ ਰੱਖਿਆ ਕਰਨ ਵਾਲੇ ਜਵਾਨਾਂ ਅਤੇ ਪ੍ਰਸ਼ਾਸਨ ਦਾ ਵਿਰੋਧ ਕਰਨ ਦੀ ਹਿੰਮਤ ਕਰਦੇ ਹਨ।”
ਲਾਰੈਂਸ ਗਰੁੱਪ ਵੱਲੋਂ ਇਹ ਸਿੱਧੀ ਧਮਕੀ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਉਸ ਅੱਤਵਾਦੀ ਸੰਗਠਨ ਨੂੰ ਦਿੱਤੀ ਗਈ ਹੈ, ਜਿਸ ਨੇ ਕੱਲ੍ਹ ਦਾਅਵਾ ਕੀਤਾ ਸੀ ਿਕ ਉਨ੍ਹਾਂ ਦੀ ‘ਅਲ ਬੁਰਕਾ ਬ੍ਰਿਗੇਡ’ ਨੇ ਦੋ ਪੁਲਸ ਮੁਲਾਜ਼ਮਾਂ ਨੂੰ ਮਾਰ ਦਿੱਤਾ ਹੈ। ਗੈਂਗਸਟਰ ਹੈਰੀ ਬਾਕਸਰ ਨੇ ਆਪਣੀ ਪੋਸਟ ’ਚ ਇਹ ਵੀ ਕਿਹਾ ਿਕ ਅੱਤਵਾਦੀਆਂ ਦਾ ਸਾਥ ਦੇਣ ਵਾਲੇ ਗੱਦਾਰ ਗੈਂਗਸਟਰਾਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਧਮਕੀ ਤੋਂ ਬਾਅਦ ਸਰਹੱਦੀ ਇਲਾਕਿਆਂ ’ਚ ਸਥਿਤੀ ਹੋਰ ਵੀ ਤਣਾਅਪੂਰਨ ਹੋ ਗਈ ਹੈ ਅਤੇ ਪੁਲਸ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਇਨ੍ਹਾਂ ਪੋਸਟਾਂ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
Read More : ਕੈਨੇਡਾ ਦੇ ਸੰਸਦ ਮੈਂਬਰ ਟਿਮ ਸਿੰਘ ਉੱਪਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
