ਸੁਨਾਮ, 23 ਦਸੰਬਰ : ਜ਼ਿਲਾ ਸੰਗਰੂਰ ਦੇ ਸ਼ਹਿਰ ਸੁਨਾਮ ਵਿਚ ਕੜਾਕੇ ਦੀ ਠੰਢ ਤੋਂ ਬਚਣ ਲਈ ਬੱਠਲ ’ਚ ਅੱਗ ਬਾਲ ਕੇ ਹੱਥ ਸੇਕ ਰਹੀ 85 ਸਾਲਾ ਬਜ਼ੁਰਗ ਕੌਸ਼ਲਿਆ ਦੇਵੀ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਛੋਟੀ ਨੂੰਹ ਗੁਰਦੀਪ ਕੌਰ (ਅਮਨ) ਨੇ ਦੱਸਿਆ ਕਿ ਸੋਮਵਾਰ ਸ਼ਾਮ ਕਰੀਬ 4 ਵਜੇ ਕੌਸ਼ਲਿਆ ਦੇਵੀ ਆਪਣੇ ਵੱਡੇ ਪੁੱਤਰ ਸ਼ਿੰਦੇ ਨਾਲ ਘਰ ’ਚ ਬੱਠਲ ਵਿਚ ਅੱਗ ਬਾਲ ਕੇ ਹੱਥ ਸੇਕ ਰਹੀ ਸੀ। ਇਸ ਦੌਰਾਨ ਉਸਨੇ ਪੁੱਤਰ ਨੂੰ ਘਰ ਦਾ ਕੁਝ ਸਾਮਾਨ ਲਿਆਉਣ ਲਈ ਦੁਕਾਨ ਭੇਜ ਦਿੱਤਾ।
ਇਸ ਤੋਂ ਬਾਅਦ ਕੌਸ਼ਲਿਆ ਦੇਵੀ ਨੇ ਬੱਠਲ ਨੂੰ ਨੇੜੇ ਕਰਨ ਲਈ ਇਕ ਖੂੰਟੀ (ਡੰਡੇ) ਦੀ ਮਦਦ ਨਾਲ ਆਪਣੇ ਵੱਲ ਖਿਸਕਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਅਚਾਨਕ ਉਸ ਦਾ ਸ਼ਾਲ ਬੱਠਲ ’ਚ ਡਿੱਗ ਪਿਆ ਅਤੇ ਉਸ ਨੂੰ ਅੱਗ ਲੱਗ ਗਈ। ਅੱਗ ਤੁਰੰਤ ਭੜਕ ਉਠੀ ਅਤੇ ਬਜ਼ੁਰਗ ਮਹਿਲਾ ਉਸ ਨੂੰ ਸੰਭਾਲ ਨਾ ਸਕੀ, ਜਿਸ ਨਾਲ ਉਸ ਦਾ ਸਾਰਾ ਸਰੀਰ ਅੱਗ ਦੀ ਲਪੇਟ ’ਚ ਆ ਗਿਆ।
ਗੁਰਦੀਪ ਕੌਰ ਨੇ ਦੱਸਿਆ ਕਿ ਉਸ ਦੀ ਸੱਸ ਪਿਛਲੇ ਤਿੰਨ ਮਹੀਨਿਆਂ ਤੋਂ ਬੀਮਾਰ ਸੀ ਅਤੇ ਚੱਲ-ਫਿਰ ਨਹੀਂ ਸਕਦੀ ਸੀ। ਕੁਝ ਦੇਰ ਬਾਅਦ ਜਦੋਂ ਪੁੱਤਰ ਘਰ ਵਾਪਸ ਆਇਆ ਤਾਂ ਉਸ ਨੇ ਆਪਣੀ ਸੜਦੀ ਮਾਂ ਨੂੰ ਸੰਭਾਲਿਆ ਅਤੇ ਤੁਰੰਤ ਸੁਨਾਮ ਸਿਵਲ ਹਸਪਤਾਲ ਲੈ ਗਿਆ, ਉਥੋਂ ਡਾਕਟਰਾਂ ਨੇ ਹਾਲਤ ਗੰਭੀਰ ਦੇਖਦਿਆਂ ਪਟਿਆਲਾ ਰੈਫਰ ਕਰ ਦਿੱਤਾ ਪਰ ਪਟਿਆਲਾ ਪਹੁੰਚਦੇ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
Read More : ਨਕਲੀ ਕਰੰਸੀ ਛਾਪਣ ਵਾਲੇ ਗਿਰੋਹ ਦਾ ਇਕ ਮੈਂਬਰ ਗ੍ਰਿਫਤਾਰ
