ਦਿੱਲੀ ਦੇ ਕਈ ਠੇਕੇਦਾਰਾਂ ਅਤੇ ਨਿੱਜੀ ਫਰਮਾਂ ’ਤੇ ਛਾਪੇਮਾਰੀ ਕੀਤੀ
ਦਿੱਲੀ, 18 ਜੂਨ : ਈਡੀ ਨੇ ਦਿੱਲੀ ਕਲਾਸਰੂਮ ਨਿਰਮਾਣ ਘੁਟਾਲੇ ਵਿਚ ਵੱਡੀ ਕਾਰਵਾਈ ਕੀਤੀ, ਜਿਸ ਵਿਚ ਬੁੱਧਵਾਰ ਸਵੇਰੇ ਈਡੀ ਦੀਆਂ ਟੀਮਾਂ ਸਬੰਧਤ ਠੇਕੇਦਾਰਾਂ ਅਤੇ ਨਿੱਜੀ ਫਰਮਾਂ ਦੇ 37 ਸਥਾਨਾਂ ’ਤੇ ਪਹੁੰਚੀਆਂ। ਇਸ ਦੌਰਾਨ ਇਨ੍ਹਾਂ ਥਾਵਾਂ ’ਤੇ ਈਡੀ ਦੀ ਤਲਾਸ਼ੀ ਅਤੇ ਪੁੱਛਗਿੱਛ ਜਾਰੀ ਹੈ। ਇਹ ਛਾਪਾ ਦਿੱਲੀ ਪੁਲਿਸ ਅਤੇ ਏਸੀਬੀ ਵੱਲੋਂ ਦਰਜ ਐਫਆਈਆਰ ਨਾਲ ਜੁੜਿਆ ਹੋਇਆ ਹੈ।
ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਵਾਧੂ ਕਲਾਸਰੂਮਾਂ ਦੀ ਉਸਾਰੀ ਵਿਚ ਹੋਏ ਕਥਿਤ ਘੁਟਾਲੇ ਦੀ ਜਾਂਚ ਚੱਲ ਰਹੀ ਹੈ। ਹੁਣ ਈਡੀ ਦੀ ਟੀਮ ਦਿੱਲੀ ਦੇ ਕਈ ਇਲਾਕਿਆਂ ਵਿਚ ਛਾਪੇਮਾਰੀ ਕਰਨ ਲਈ ਪਹੁੰਚ ਗਈ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਵੱਖ-ਵੱਖ ਸਕੂਲਾਂ ਦੇ ਨਿਰਮਾਣ ਵਿਚ ਬੇਨਿਯਮੀਆਂ ਦੇ ਮਾਮਲੇ ਵਿਚ ਜੀ. ਐਨ. ਸੀ. ਟੀ. ਡੀ. ਨੇ ਤਤਕਾਲੀ ਮੰਤਰੀ ਅਤੇ ਕਈ ਨਿੱਜੀ ਫ਼ਰਮਾਂ ਦੇ ਲੋਕਾਂ ਵਿਰੁੱਧ ਕੇਸ ਦਰਜ ਕਰਵਾਇਆ ਸੀ। ਇਹ ਮਾਮਲਾ ਦਿੱਲੀ ਪੁਲਿਸ ਅਤੇ ਏਸੀਬੀ ਨੇ ਦਰਜ ਕੀਤਾ ਸੀ। ਹੁਣ ਈਡੀ ਨੇ ਇਸ ਮਾਮਲੇ ਵਿਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਈਡੀ ਨੇ ਏਸੀਬੀ ਅਤੇ ਦਿੱਲੀ ਪੁਲਿਸ ਦੁਆਰਾ ਦਰਜ ਕੀਤੀ ਗਈ ਐਫ਼ਆਈਆਰ ਦਾ ਨੋਟਿਸ ਲਿਆ ਹੈ। ਇਸ ਮਾਮਲੇ ਦਾ ਨੋਟਿਸ ਲੈਂਦੇ ਹੋਏ ਈਡੀ ਦੀਆਂ ਵੱਖ-ਵੱਖ ਟੀਮਾਂ ਅਚਾਨਕ ਸਕੂਲ ਕਲਾਸਰੂਮਾਂ ਦੇ ਨਿਰਮਾਣ ਵਿੱਚ ਸ਼ਾਮਲ ਠੇਕੇਦਾਰਾਂ ਅਤੇ ਨਿੱਜੀ ਫ਼ਰਮਾਂ ਦੇ ਟਿਕਾਣਿਆਂ ’ਤੇ ਪਹੁੰਚ ਗਈਆਂ। ਈਡੀ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਤਹਿਤ ਅਪਰਾਧਿਕ ਮਾਮਲਾ ਦਰਜ ਕਰਨ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ। ਇਸ ਦੌਰਾਨ ਉੱਥੇ ਹੰਗਾਮਾ ਹੋ ਗਿਆ।
ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਸ ਮਾਮਲੇ ਵਿੱਚ ਨੇਤਾਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਾਂ ਨਹੀਂ। 30 ਅਪ੍ਰੈਲ ਨੂੰ ਦਰਜ ਕੀਤੀ ਗਈ ਐਫ਼. ਆਈ. ਆਰ. ਵਿਚ ਈਡੀ ਨੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਵਿਰੁੱਧ ਕੇਸ ਦਰਜ ਕੀਤਾ ਸੀ। ਇਨ੍ਹਾਂ ਆਗੂਆਂ ਵਿਰੁਧ ਦਰਜ ਐਫਆਈਆਰ ਵਿੱਚ ਦੋਸ਼ ਹੈ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ 12 ਹਜ਼ਾਰ ਤੋਂ ਵੱਧ ਕਲਾਸਰੂਮਾਂ ਦੀ ਉਸਾਰੀ ਜਾਂ ਹੋਰ ਉਸਾਰੀ ਵਿੱਚ 2 ਹਜ਼ਾਰ ਕਰੋੜ ਰੁਪਏ ਦੀਆਂ ਬੇਨਿਯਮੀਆਂ ਦਰਜ ਕੀਤੀਆਂ ਗਈਆਂ ਹਨ।
Read More : ਪੁਲਿਸ ਮੁਕਾਬਲੇ ਵਿਚ 3 ਮਾਓਵਾਦੀ ਢੇਰ
