ਈ.ਡੀ.

ਈਡੀ ਦੀ ਕਾਰਵਾਈ : ਨੇਚਰ ਹਾਈਟਸ ਇਨਫਰਾ ਦੀਆਂ ₹50 ਕਰੋੜ ਦੀਆਂ ਜਾਇਦਾਦਾਂ ਬੈਂਕਾਂ ਨੂੰ ਵਾਪਸ

ਮੋਹਾਲੀ ਅਦਾਲਤ ਦੇ ਹੁਕਮਾਂ ‘ਤੇ ਨਿਵੇਸ਼ਕਾਂ ਦੇ ਨੁਕਸਾਨ ਦੀ ਭਰਪਾਈ ਲਈ ਵੱਡੀ ਪਹਿਲ

ਜਲੰਧਰ, 10 ਫਰਵਰੀ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਜਲੰਧਰ ਜ਼ੋਨਲ ਦਫ਼ਤਰ ਨੇ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਵਾਲੀ ਕੰਪਨੀ ਮੈਸਰਜ਼ ਨੇਚਰ ਹਾਈਟਸ ਇਨਫਰਾ ਲਿਮਟਿਡ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਪੀਐਮਐਲਏ (PMLA) ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਈਡੀ ਨੇ ਕੰਪਨੀ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਬੈਂਕਾਂ ਨੂੰ ਵਾਪਸ ਕਰ ਦਿੱਤੀਆਂ ਹਨ।

ਵਾਪਸ ਕੀਤੀਆਂ ਗਈਆਂ ਇਹ ਜਾਇਦਾਦਾਂ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸਥਿਤ ਵਪਾਰਕ ਜਾਇਦਾਦਾਂ ਹਨ। ਇਹਨਾਂ ਦੀ ਸਰਕਾਰੀ ਕੀਮਤ ਲਗਭਗ ₹20.21 ਕਰੋੜ ਹੈ, ਜਦਕਿ ਬਾਜ਼ਾਰੀ ਕੀਮਤ ਲਗਭਗ ₹50 ਕਰੋੜ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਈਡੀ ਵੱਲੋਂ ਇਹ ਜਾਂਚ ਪੰਜਾਬ ਪੁਲਿਸ ਦੁਆਰਾ ਦਰਜ ਕੀਤੀਆਂ ਗਈਆਂ ਕਈ ਐਫਆਈਆਰਜ਼ (FIRs) ਦੇ ਅਧਾਰ ‘ਤੇ ਸ਼ੁਰੂ ਕੀਤੀ ਗਈ ਸੀ। ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਨੀਰਜ ਅਰੋੜਾ ਅਤੇ ਉਸਦੀ ਕੰਪਨੀ ਨੇ ਜ਼ਮੀਨ ਦੇਣ ਦੇ ਨਾਂ ‘ਤੇ ਵੱਡੀ ਗਿਣਤੀ ਵਿੱਚ ਮਾਸੂਮ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਸੀ।

ਨਿਵੇਸ਼ਕਾਂ ਤੋਂ ਇਕੱਠੀ ਕੀਤੀ ਗਈ ਰਕਮ ਨਾਲ ਨੀਰਜ ਨੇ ਆਪਣੇ ਅਤੇ ਆਪਣੀ ਕੰਪਨੀ ਦੇ ਨਾਂ ‘ਤੇ ਵੱਖ-ਵੱਖ ਥਾਵਾਂ ‘ਤੇ ਜਾਇਦਾਦਾਂ ਖਰੀਦੀਆਂ। ਨਿਵੇਸ਼ਕਾਂ ਨੂੰ ਨਾ ਤਾਂ ਪਲਾਟ ਮਿਲੇ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਮੋੜੇ ਗਏ। ਇਸ ਫੰਡ ਦੀ ਵਰਤੋਂ ਮੁਲਜ਼ਮਾਂ ਵੱਲੋਂ ਨਿੱਜੀ ਐਸ਼ੋ-ਆਰਾਮ ਅਤੇ ਬੇਨਾਮੀ ਜਾਇਦਾਦਾਂ ਬਣਾਉਣ ਲਈ ਕੀਤੀ ਗਈ ਸੀ।

ਜਾਂਚ ਦੌਰਾਨ ਈਡੀ ਨੇ ਪੰਜਾਬ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਫੈਲੀਆਂ ਲਗਭਗ ₹46.02 ਕਰੋੜ ਦੀਆਂ ਜਾਇਦਾਦਾਂ ਨੂੰ ਅਸਥਾਈ ਤੌਰ ‘ਤੇ ਜ਼ਬਤ ਕੀਤਾ ਸੀ। ਮੁੱਖ ਮੁਲਜ਼ਮ ਨੀਰਜ ਅਰੋੜਾ ਨੂੰ 8 ਅਕਤੂਬਰ 2024 ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹੈ।

6 ਫਰਵਰੀ 2026 ਨੂੰ ਮੋਹਾਲੀ ਦੀ ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਨਿਵੇਸ਼ਕਾਂ ਅਤੇ ਬੈਂਕਾਂ ਦੇ ਨੁਕਸਾਨ ਦੀ ਭਰਪਾਈ ਲਈ ਇਹ ਜਾਇਦਾਦਾਂ ਵਾਪਸ ਕਰਨ ਦਾ ਇਤਿਹਾਸਕ ਫੈਸਲਾ ਸੁਣਾਇਆ। ਈਡੀ ਮੁਤਾਬਕ ਇਸ ਮਾਮਲੇ ਨਾਲ ਜੁੜੇ ਹੋਰ ਪਹਿਲੂਆਂ ਦੀ ਜਾਂਚ ਅਜੇ ਵੀ ਜਾਰੀ ਹੈ।

Read More : ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਭਾਦਸੋਂ ਦੇ ‘ਸਕੂਲ ਆਫ਼ ਐਮੀਨੈਂਸ’ ਦਾ ਨਿਰੀਖਣ

Leave a Reply

Your email address will not be published. Required fields are marked *