ਕਿਹਾ-ਅਕਾਲੀਆਂ ਤੇ ਕਾਂਗਰਸ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ
ਤਰਨਤਾਰਨ, 4 ਨਵੰਬਰ :-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਸਮਰਥਨ ਵਿਚ ਤਰਨਤਾਰਨ ਹਲਕੇ ਦੇ ਕਈ ਪਿੰਡਾਂ ’ਚ ਇਕ ਵਿਸ਼ਾਲ ਰੋਡ ਸ਼ੋਅ ਕੀਤਾ। ‘ਆਪ’ ਆਗੂਆਂ, ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ਪਹੁੰਚੇ ਮੁੱਖ ਮੰਤਰੀ ਮਾਨ ਦਾ ਹਜ਼ਾਰਾਂ ਵਸਨੀਕਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।
ਭਗਵੰਤ ਮਾਨ ਨੇ ਪਿੰਡ ਕਿਲਾ ਕਵੀ ਸੰਤੋਖ ਸਿੰਘ, ਕੋਟ ਧਰਮ ਚੰਦ ਕਲਾਂ, ਭੋਜੀਆਂ, ਝਾਮਕੇ ਕਲਾਂ, ਚੱਕ ਸਿਕੰਦਰ ਮੂਸੇ ਕਲਾਂ ਅਤੇ ਛਿਛਰੇਵਾਲ ਆਦਿ ਥਾਵਾਂ ’ਤੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਅਕਾਲੀ ਦਲ, ਬਾਦਲ ਪਰਿਵਾਰ, ਮਜੀਠੀਆ ਅਤੇ ਕਾਂਗਰਸ ’ਤੇ ਪੰਜਾਬ ਨੂੰ ਲੁੱਟਣ, ਨਸ਼ੇ ਫੈਲਾਉਣ ਤੇ ਨੌਜਵਾਨੀ ਦਾ ਭਵਿੱਖ ਬਰਬਾਦ ਕਰਨ ਦੇ ਦੋਸ਼ ਲਗਾਏ।
ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ’ਤੇ ਤਿੱਖਾ ਹਮਲਾ ਬੋਲਦੇ ਹੋਏ ਮਾਨ ਨੇ ਉਨ੍ਹਾਂ ਦੇ ਉਸ ਦਾਅਵੇ ਦਾ ਮਜ਼ਾਕ ਉਡਾਇਆ ਕਿ ਅਕਾਲੀ ਰਾਜ ਦੌਰਾਨ ਕਿਸੇ ਨੇ ਵੀ ‘ਚਿੱਟਾ’ ਸ਼ਬਦ ਹੀ ਨਹੀਂ ਸੁਣਿਆ ਸੀ। ਉਨ੍ਹਾਂ ਕਿਹਾ ਕਿ ਉਹ ਸਹੀ ਕਹਿੰਦੀ ਹੈ, ਲੋਕ ‘ਚਿੱਟਾ’ ਨਾਂ ਨਹੀਂ ਜਾਣਦੇ ਸਨ ਕਿਉਂਕਿ ਉਦੋਂ ਇਸ ਨੂੰ ‘ਮਜੀਠੀਆ ਪੁੜੀ ਅਤੇ ਮਜੀਠੀਆ ਟੀਕਾ’ ਕਿਹਾ ਜਾਂਦਾ ਸੀ। ਇਸ ਖ਼ਤਰੇ ਲਈ ਜ਼ਿੰਮੇਵਾਰ ਲੋਕ ਹੁਣ ਸਾਨੂੰ ਨੈਤਿਕਤਾ ਅਤੇ ਪੰਜਾਬ ਨੂੰ ਬਚਾਉਣ ਬਾਰੇ ਭਾਸ਼ਣ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਨੇ ਲੋਕਾਂ ਨੂੰ ਯਾਦ ਦਿਵਾਇਆ ਕਿ ‘ਆਪ’ ਸਰਕਾਰ ਨੇ ਮਜੀਠੀਆ ਵਿਰੁੱਧ ਅਦਾਲਤ ਵਿਚ 40,000 ਪੰਨਿਆਂ ਦਾ ਚਲਾਨ ਦਾਇਰ ਕੀਤਾ ਸੀ, ਜਿਸ ਨੇ ਪਾਰਟੀ ਦੇ ਡਰੱਗ ਮਾਫੀਆ ਨਾਲ ਲੜਨ ਦੇ ਦ੍ਰਿੜ੍ਹ ਇਰਾਦੇ ਨੂੰ ਸਾਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਜਿਨ੍ਹਾਂ ਨੇ ਚਿੱਟਾ ਵੰਡਿਆ ਉਹ ਹੁਣ ਕਾਨੂੰਨ ਦਾ ਸਾਹਮਣਾ ਕਰ ਰਹੇ ਹਨ, ਜਦ ਕਿ ਅਸੀਂ ਤੁਹਾਡੇ ਬੱਚਿਆਂ ਨੂੰ ਨੌਕਰੀਆਂ, ਸਕੂਲ ਅਤੇ ਹਸਪਤਾਲ ਦੇ ਰਹੇ ਹਾਂ।’’
ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ
ਭਗਵੰਤ ਮਾਨ ਨੇ ਅੱਜ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇਕ ਸ਼ਾਨਦਾਰ ਮੈਚ ਵਿਚ ਦੱਖਣੀ ਅਫਰੀਕਾ ਨੂੰ ਹਰਾ ਕੇ ਅਾਈ. ਸੀ. ਸੀ. ਵਿਸ਼ਵ ਕੱਪ ਜਿੱਤਣ ’ਤੇ ਵਧਾਈ ਦਿੱਤੀ। ਟੀਮ ਮੈਂਬਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਕੱਪ ਜਿੱਤ ਕੇ ਧੀਆਂ ਨੇ ਨਾ ਸਿਰਫ਼ ਇਤਿਹਾਸ ਸਿਰਜਿਆ ਹੈ ਸਗੋਂ ਦੁਨੀਆ ਨੂੰ ਵੀ ਫ਼ਤਹਿ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਧੀਆਂ ਸੂਬੇ ਦਾ ਮਾਣ ਹਨ ਅਤੇ ਪੰਜਾਬ ਪਰਤਣ ਮਗਰੋਂ ਉਨ੍ਹਾਂ ਦਾ ਸ਼ਾਨਦਾਰ ਸਨਮਾਨ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਖਿਡਾਰਨਾਂ ਸੂਬੇ ਦੀਆਂ ਬ੍ਰਾਂਡ ਅੰਬੈਸਡਰ ਹਨ ਕਿਉਂਕਿ ਉਨ੍ਹਾਂ ਆਪਣੀ ਸਖ਼ਤ ਮਿਹਨਤ ਨਾਲ ਨਵੀਂ ਮਿਸਾਲ ਕਾਇਮ ਕੀਤੀ ਹੈ।
Read More : ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨਸ਼ੇ ਦੇ ਦੋਸ਼ਾਂ ’ਚੋਂ ਬਰੀ
