ਬੀਤੇ ਦਿਨੀਂ ਦੋਵਾਂ ਸੂਬਿਆਂ ਵਿਚ 7 ਥਾਵਾਂ ’ਤੇ ਕੀਤੀ ਛਾਪੇਮਾਰੀ
ਕਈ ਦੇਸ਼ਾਂ ਦੀਆਂ ਮੋਹਰਾਂ, ਵੀਜ਼ਾ ਟੈਂਪਲੇਟ ਤੇ ਦਸਤਾਵੇਜ਼ ਜ਼ਬਤ
ਚੰਡੀਗੜ੍ਹ, 15 ਜੁਲਾਈ : ਡੰਕੀ ਰਾਹੀਂ ਲੋਕਾਂ ਨੂੰ ਅਮਰੀਕਾ ਭੇਜਣ ਦੇ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਹਾਲ ਹੀ ’ਚ ਪੰਜਾਬ ਤੇ ਹਰਿਆਣਾ ’ਚ ਸੱਤ ਥਾਵਾਂ ’ਤੇ ਮਾਰੇ ਗਏ ਛਾਪਿਆਂ ਦੌਰਾਨ ਕਈ ਮਹੱਤਵਪੂਰਨ ਸਬੂਤ ਮਿਲੇ ਹਨ।
ਜਾਣਕਾਰੀ ਅਨੁਸਾਰ 11 ਜੁਲਾਈ ਨੂੰ ਈਡੀ ਨੇ ਪੰਜਾਬ ਦੇ ਅੰਮ੍ਰਿਤਸਰ, ਪਟਿਆਲਾ, ਸੰਗਰੂਰ, ਮੋਗਾ ਜ਼ਿਲ੍ਹਿਆਂ ਤੇ ਹਰਿਆਣਾ ਦੇ ਅੰਬਾਲਾ, ਕਰਨਾਲ ਤੇ ਕੁਰੂਕਸ਼ੇਤਰ ’ਚ ਸੱਤ ਥਾਵਾਂ ’ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਈਡੀ ਨੇ ਵੱਡੀ ਗਿਣਤੀ ’ਚ ਜਾਅਲੀ ਦਸਤਾਵੇਜ਼, ਵੱਖ-ਵੱਖ ਦੇਸ਼ਾਂ ਦੀਆਂ ਜਾਅਲੀ ਸਰਕਾਰੀ ਮੋਹਰਾਂ, ਵਿਦੇਸ਼ੀ ਵੀਜ਼ਾ ਟੈਂਪਲੇਟ, ਦਰਜਨਾਂ ਜਾਅਲੀ ਪਾਸਪੋਰਟ, ਡਮੀ ਬੋਰਡਿੰਗ ਪਾਸ, ਕੁਝ ਇਤਰਾਜ਼ਯੋਗ ਦਸਤਾਵੇਜ਼ ਤੇ ਡਿਜੀਟਲ ਸਮੱਗਰੀ ਬਰਾਮਦ ਕੀਤੀ।
ਈਡੀ ਨੇ ਬਰਾਮਦ ਕੀਤੇ ਸਾਮਾਨ ਨੂੰ ਜ਼ਬਤ ਕਰ ਲਿਆ ਹੈ ਤੇ ਨੈੱਟਵਰਕ ਨਾਲ ਜੁੜੇ ਲੋਕਾਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਅਧਿਕਾਰੀਆਂ ਅਨੁਸਾਰ, ਜਲਦੀ ਹੀ ਕਈ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।
ਇਹ ਕਾਰਵਾਈ ਮਨੀ ਲਾਂਡਰਿੰਗ ਐਕਟ (ਪੀਐੱਮਐੱਲਏ), 2002 ਦੇ ਤਹਿਤ ਕੀਤੀ ਗਈ ਸੀ। ਇਹ 9 ਜੁਲਾਈ ਨੂੰ ਕੀਤੀ ਗਈ ਇਕ ਹੋਰ ਛਾਪੇਮਾਰੀ ’ਚ ਮਿਲੇ ਸੁਰਾਗਾਂ ਦੇ ਆਧਾਰ ’ਤੇ ਕੀਤੀ ਗਈ ਸੀ। ਇਸ ਤੋਂ ਇਲਾਵਾ ਕਈ ਟ੍ਰੈਵਲ ਏਜੰਟਾਂ ਵੱਲੋਂ ਵਰਤੇ ਗਏ ਵੀਜ਼ਾ ਟੈਂਪਲੇਟਸ ਤੇ ਵਟਸਐਪ ਚੈਟਾਂ ਤੋਂ ਇਹ ਵੀ ਪਤਾ ਲੱਗਾ ਕਿ ਇਹ ਲੋਕ ਆਪਣੇ ਗਾਹਕਾਂ ਨਾਲ ਕਿਵੇਂ ਸੰਪਰਕ ਕਰਦੇ ਸਨ।
ਈਡੀ ਅਧਿਕਾਰੀਆਂ ਦੇ ਅਨੁਸਾਰ ਲੋਕਾਂ ਨੂੰ ਜਾਅਲੀ ਸਰਕਾਰੀ ਸਟੈਂਪਾਂ ਤੇ ਜਾਅਲੀ ਇਮੀਗ੍ਰੇਸ਼ਨ ਰਿਕਾਰਡਾਂ ਦੀ ਵਰਤੋਂ ਕਰਕੇ ਅਮਰੀਕਾ, ਕੈਨੇਡਾ ਤੇ ਯੂਰਪ ਵਰਗੇ ਦੇਸ਼ਾਂ ’ਚ ਗੈਰ-ਕਾਨੂੰਨੀ ਢੰਗ ਨਾਲ ਪਹੁੰਚਾਇਆ ਜਾਂਦਾ ਸੀ। ਇਸ ਪੂਰੀ ਪ੍ਰਕਿਰਿਆ ’ਚ ਡੰਕੀ ਦੀ ਵਰਤੋਂ ਕੀਤੀ ਗਈ, ਜਿਸ ’ਚ ਲੋਕ ਕਈ ਦੇਸ਼ਾਂ ਦੀਆਂ ਸਰਹੱਦਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਪਾਰ ਕਰਦੇ ਹਨ। ਇਸ ਨੈੱਟਵਰਕ ’ਚ, ਡਾਨਕਰਸ ਨਾਮਕ ਤਸਕਰਾਂ ਦੇ ਇਕ ਗਿਰੋਹ ਨੇ ਲੋਕਾਂ ਨੂੰ ਇਕ ਦੇਸ਼ ਤੋਂ ਦੂਜੇ ਦੇਸ਼ ਭੇਜਣ ’ਚ ਮਦਦ ਕੀਤੀ।
ਜਾਂਚ ’ਚ ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਨੈੱਟਵਰਕ ਰਾਹੀਂ ਹਵਾਲਾ ਰਾਹੀਂ ਕਰੋੜਾਂ ਰੁਪਏ ਵਿਦੇਸ਼ ਭੇਜੇ ਗਏ ਸਨ। ਕੁਝ ਡਿਜੀਟਲ ਲੈਣ-ਦੇਣ ਤੇ ਆਮਦਨ ਟੈਕਸ ਡਾਟਾ ਦੇ ਵਿਸ਼ਲੇਸ਼ਣ ਰਾਹੀਂ, ਈਡੀ ਨੇ ਇਹ ਪਤਾ ਲਗਾਇਆ ਹੈ ਕਿ ਭਾਰਤੀ ਏਜੰਟ ਵਿਦੇਸ਼ੀ ਏਜੰਸੀਆਂ ਤੇ ਸਹਿਯੋਗੀਆਂ ਨੂੰ ਭੁਗਤਾਨ ਕਰਦੇ ਸਨ ਤਾਂ ਜੋ ਗਾਹਕਾਂ ਨੂੰ ਸਰਹੱਦ ਪਾਰ ਕਰਨ ’ਚ ਮਦਦ ਕੀਤੀ ਜਾ ਸਕੇ।
ਹੁਣ ਤੱਕ ਈਡੀ ਟੀਮ ਨੇ ਕਰੋੜਾਂ ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਦਾ ਵੀ ਪਤਾ ਲਗਾਇਆ ਹੈ, ਜੋ ਇਨ੍ਹਾਂ ਏਜੰਟਾਂ ਨੇ ਗੈਰ-ਕਾਨੂੰਨੀ ਕਮਾਈ ਤੋਂ ਹਾਸਲ ਕੀਤੀ ਸੀ। ਇਨ੍ਹਾਂ ’ਚ ਰੀਅਲ ਅਸਟੇਟ, ਲਗਜ਼ਰੀ ਕਾਰਾਂ ਤੇ ਨਕਦੀ ਸ਼ਾਮਲ ਹਨ। ਦਸਤਾਵੇਜ਼ਾਂ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਹਵਾਲਾ ਨੈੱਟਵਰਕ ਨਾਲ ਜੁੜੇ ਕਈ ਨਾਮ ਵਿਦੇਸ਼ਾਂ ’ਚ ਵੀ ਸਰਗਰਮ ਹਨ।
ਨੈੱਟਵਰਕ ’ਚ ਕੌਣ-ਕੌਣ ਸ਼ਾਮਲ?
ਇਹ ਪੂਰਾ ਰੈਕੇਟ ਕਈ ਪਰਤਾਂ ’ਚ ਫੈਲਿਆ ਹੋਇਆ ਹੈ। ਇਸ ’ਚ ਟ੍ਰੈਵਲ ਏਜੰਟ, ਵਿਚੋਲੇ, ਜਾਅਲੀ ਦਸਤਾਵੇਜ਼ ਤਿਆਰ ਕਰਨ ਵਾਲੇ ਮਾਹਰ, ਹਵਾਲਾ ਅਪਰੇਟਰ ਤੇ ਵਿਦੇਸ਼ੀ ਨੈੱਟਵਰਕ ਸ਼ਾਮਲ ਹਨ। ਇਹ ਗਿਰੋਹ ਹੁਣ ਤੱਕ ਸੈਂਕੜੇ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਿਆ ਹੈ। ਕਈ ਮਾਮਲਿਆਂ ’ਚ, ਪੀੜਤਾਂ ਤੋਂ 25 ਤੋਂ 50 ਲੱਖ ਰੁਪਏ ਤੱਕ ਦੀ ਵੱਡੀ ਰਕਮ ਵਸੂਲੀ ਗਈ।
ਇਸ ਕਾਰਵਾਈ ਤੋਂ ਬਾਅਦ ਈਡੀ ਟੀਮ ਨੇ ਡਿਜੀਟਲ ਸਬੂਤ ਭੇਜ ਦਿੱਤੇ ਹਨ ਤੇ ਦਸਤਾਵੇਜ਼ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ’ਚ ਇਸ ਨੈੱਟਵਰਕ ਨਾਲ ਜੁੜੇ ਹੋਰ ਬਹੁਤ ਸਾਰੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਅੰਤਰਰਾਸ਼ਟਰੀ ਏਜੰਸੀਆਂ ਤੋਂ ਵੀ ਸਹਿਯੋਗ ਮੰਗਿਆ ਗਿਆ ਹੈ ਤਾਂ ਜੋ ਵਿਦੇਸ਼ਾਂ ’ਚ ਸਰਗਰਮ ਏਜੰਟਾਂ ਦੀ ਪਛਾਣ ਕੀਤੀ ਜਾ ਸਕੇ।
