ਸਰਕਾਰ ਸਿਰਫ਼ ਪ੍ਰਚਾਰ ਨੂੰ ਹੀ ਮੰਨ ਰਹੀ ਕਾਰਗੁਜ਼ਾਰੀ
ਚੰਡੀਗੜ੍ਹ, 18 ਫਰਵਰੀ : ਪੰਜਾਬ ਵਿੱਚ ਨਸ਼ਿਆਂ ਦੀ ਲਗਾਤਾਰ ਵਿਗੜ ਰਹੀ ਸਥਿਤੀ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਸ਼ਾ ਹੁਣ ‘ਜ਼ੋਮੈਟੋ ਦੇ ਆਰਡਰ’ ਵਾਂਗ ਬੇਹੱਦ ਆਸਾਨੀ ਨਾਲ ਮੁਹੱਈਆ ਹੋ ਰਿਹਾ ਹੈ, ਜੋ ਕਿ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ।
ਪ੍ਰਤਾਪ ਬਾਜਵਾ ਨੇ ਅੰਮ੍ਰਿਤਸਰ ਦੀ ਇਕ ਦੁਖਦਾਈ ਘਟਨਾ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਉੱਥੇ ਇਕ ਹੈੱਡ ਕਾਂਸਟੇਬਲ ਨੇ ਨਸ਼ੇ ਕਾਰਨ ਆਪਣੇ ਜਵਾਨ ਪੁੱਤਰ ਨੂੰ ਗੁਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਦੇ ਪਰਿਵਾਰ ਉੱਜੜ ਰਹੇ ਹਨ, ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਰਕਾਰ ਦੀ ਕਥਿਤ ਸਫ਼ਲਤਾ ਦੇ ਜਸ਼ਨ ਮਨਾ ਰਹੇ ਹਨ, ਜੋ ਕਿ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਬਰਾਬਰ ਹੈ।
ਸਰਕਾਰ ਦੀਆਂ ਮੁਹਿੰਮਾਂ ‘ਤੇ ਸਵਾਲ ਉਠਾਉਂਦਿਆਂ ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਵਰਗੇ ਨਾਅਰੇ ਸਿਰਫ਼ ਪ੍ਰਚਾਰ ਅਤੇ ‘ਫੋਟੋ-ਓਪ’ ਗਵਰਨੈਂਸ ਤੱਕ ਸੀਮਤ ਹੋ ਕੇ ਰਹਿ ਗਏ ਹਨ। ਬਾਜਵਾ ਨੇ ਦੋਸ਼ ਲਾਇਆ ਕਿ ਇਸ ਸਰਕਾਰ ਨੇ ਜ਼ਮੀਨੀ ਹਕੀਕਤਾਂ ਤੋਂ ਅੱਖਾਂ ਮੀਟ ਲਈਆਂ ਹਨ ਅਤੇ ਸਿਰਫ਼ ਇਸ਼ਤਿਹਾਰਬਾਜ਼ੀ ਨੂੰ ਹੀ ਆਪਣੀ ਕਾਰਗੁਜ਼ਾਰੀ ਮੰਨ ਰਹੀ ਹੈ।
ਉਨ੍ਹਾਂ ਮੁੱਖ ਮੰਤਰੀ ਨੂੰ ਇਹ ਡਰਾਮੇਬਾਜ਼ੀ ਬੰਦ ਕਰਨ ਅਤੇ ਆਪਣੀ ਨਾਕਾਮੀ ਨੂੰ ਸਵੀਕਾਰ ਕਰਦਿਆਂ ਤੁਰੰਤ ਅਹੁਦਾ ਛੱਡਣ ਦੀ ਅਪੀਲ ਕੀਤੀ। ਉਨ੍ਹਾਂ ਅੰਤ ਵਿੱਚ ਕਿਹਾ ਕਿ ਜਦੋਂ ਤੱਕ ਨਸ਼ਿਆਂ ਦੀ ਸਪਲਾਈ ਲਾਈਨ ਨਹੀਂ ਟੁੱਟਦੀ, ਉਦੋਂ ਤੱਕ ਸਰਕਾਰ ਦੇ ਸਾਰੇ ਦਾਅਵੇ ਸਿਰਫ਼ ਇਕ ਮਿੱਥ ਸਾਬਤ ਹੋਣਗੇ।
Read More : ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਤੋਂ ਅਜੇ ਨਹੀਂ ਮਿਲੇਗੀ ਛੁੱਟੀ
