20 ਕਿੱਲੋ ਗਾਂਜਾ ਅਤੇ ਨਾਜਾਇਜ਼ ਪਿਸਤੌਲ ਸਮੇਤ ਕਾਬੂ ਮੌਲੀ ਜਾਗਰਾਂ ਦੇ ਨੌਜਵਾਨ ‘ਤੇ ਅਦਾਲਤ ਨੇ ਨਹੀਂ ਦਿਖਾਈ ਕੋਈ ਰਹਿਮ
ਚੰਡੀਗੜ੍ਹ, 23 ਮਾਰਚ: ਚੰਡੀਗੜ੍ਹ ਦੀ ਇੱਕ ਅਦਾਲਤ ਨੇ ਨਸ਼ਾ ਸਮੱਗਲਿੰਗ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿੱਚ ਮੌਲੀ ਜਾਗਰਾਂ ਦੇ ਰਹਿਣ ਵਾਲੇ 32 ਸਾਲਾ ਅਰੁਣ ਕੁਮਾਰ ਨੂੰ ਸਖ਼ਤ ਸਜ਼ਾ ਸੁਣਾਈ ਹੈ। ਅਦਾਲਤ ਨੇ NDPS ਐਕਟ ਤਹਿਤ ਦੋਸ਼ੀ ਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਹੈ। ਇਸ ਤੋਂ ਇਲਾਵਾ, ਅਸਲਾ ਐਕਟ ਤਹਿਤ 7 ਸਾਲ ਦੀ ਕੈਦ ਅਤੇ 2,000 ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਦੋਸ਼ੀ ਨੂੰ ਵਾਧੂ ਕੈਦ ਕੱਟਣੀ ਪਵੇਗੀ।
ਮੁਕੱਦਮੇ ਦੌਰਾਨ ਅਰੁਣ ਕੁਮਾਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਹ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਹੈ ਅਤੇ ਉਸ ਦੇ ਬਜ਼ੁਰਗ ਮਾਪੇ ਅਕਸਰ ਬਿਮਾਰ ਰਹਿੰਦੇ ਹਨ, ਇਸ ਲਈ ਉਸ ‘ਤੇ ਰਹਿਮ ਕੀਤਾ ਜਾਵੇ। ਹਾਲਾਂਕਿ, ਅਦਾਲਤ ਨੇ ਇਨ੍ਹਾਂ ਦਲੀਲਾਂ ਨੂੰ ਰੱਦ ਕਰਦਿਆਂ ਕਿਹਾ ਕਿ ਦੋਸ਼ੀ ਕੋਲੋਂ 20 ਕਿੱਲੋ 300 ਗ੍ਰਾਮ ਗਾਂਜਾ ਅਤੇ 6 ਕਾਰਤੂਸਾਂ ਸਮੇਤ ਇੱਕ ਪਿਸਤੌਲ ਬਰਾਮਦ ਹੋਇਆ ਸੀ।
ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਨਸ਼ੇ ਸਮਾਜ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਹੇ ਹਨ, ਇਸ ਲਈ ਅਜਿਹੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਨਸ਼ਾ ਸਮੱਗਲਰਾਂ ‘ਤੇ ਕਿਸੇ ਵੀ ਤਰ੍ਹਾਂ ਦਾ ਰਹਿਮ ਨਹੀਂ ਕੀਤਾ ਜਾ ਸਕਦਾ। ਦੋਵੇਂ ਸਜ਼ਾਵਾਂ ਇੱਕੋ ਸਮੇਂ ਚੱਲਣਗੀਆਂ ਅਤੇ ਮੁਕੱਦਮੇ ਦੌਰਾਨ ਜੇਲ੍ਹ ਵਿੱਚ ਬਿਤਾਇਆ ਸਮਾਂ ਕੁੱਲ ਸਜ਼ਾ ਵਿੱਚੋਂ ਘਟਾ ਦਿੱਤਾ ਜਾਵੇਗਾ।
Read More : ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਖ਼ਤ ਬਿਆਨ
