Drug smuggler

7 ਕਿਲੋ ਹੈਰੋਇਨ ਸਣੇ ਨਸ਼ਾ ਸਮੱਗਲਰ ਗ੍ਰਿਫਤਾਰ

ਫਿਰੋਜ਼ਪੁਰ, 31 ਅਗਸਤ : ਬੀ. ਐੱਸ. ਐੱਫ. ਇੰਟੈਲੀਜੈਂਸ ਵਿੰਗ ਦੀ ਸਟੀਕ ਖੁਫੀਆ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਨੇੜੇ ਬੀ. ਐੱਸ. ਐੱਫ. ਜਵਾਨਾਂ ਨੇ ਹੈਰੋਇਨ ਦੀ ਵੱਡੀ ਖੇਪ ਸਮੇਤ ਮੋਟਰਸਾਈਕਲ ’ਤੇ ਆ ਰਹੇ ਇਕ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕੀਤਾ। ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ’ਚ ਕਰੋੜਾਂ ਰੁਪਏ ਦੱਸੀ ਜਾਂਦੀ ਹੈ।

ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕਿ ਇੰਟੈਲੀਜੈਂਸ ਵਿੰਗ ਨੂੰ ਮਿਲੀ ਜਾਣਕਾਰੀ ਦੇ ਆਧਾਰ ’ਤੇ ਬੀ. ਐੱਸ. ਐੱਫ. ਨੇ ਹਜ਼ਾਰਾ ਮੋੜ, ਬੱਸ ਸਟੈਂਡ ਨੇੜੇ ਨਾਕਾ ਲਾਇਆ ਹੋਈਆ ਸੀ, ਜਿਥੇ ਬੀ. ਐੱਸ. ਐੱਫ. ਜਵਾਨਾਂ ਨੇ ਇਕ ਸ਼ੱਕੀ ਵਿਅਕਤੀ ਨੂੰ ਮੋਟਰਸਾਈਕਲ ’ਤੇ ਆਉਂਦੇ ਦੇਖਿਆ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀ ਪਰ ਮੋਟਰਸਾਈਕਲ ਸਵਾਰ ਨੇ ਆਪਣਾ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਬੀ. ਐੱਸ. ਐੱਫ. ਜਵਾਨਾਂ ਨੇ ਉਸ ਨੂੰ ਫੜ ਲਿਆ ਅਤੇ ਤਲਾਸ਼ੀ ਲੈਣ ’ਤੇ ਉਸ ਵਿਅਕਤੀ ਤੋਂ ਲੱਗਭਗ 7 ਕਿਲੋ ਹੈਰੋਇਨ ਦੇ 14 ਪੈਕੇਟ ਬਰਾਮਦ ਹੋਏ।

ਬੀ. ਐੱਸ. ਐੱਫ. ਵੱਲੋਂ ਫੜੇ ਗਏ ਇਸ ਨਸ਼ਾ ਸਮੱਗਲਰ ਨੂੰ ਪੁੱਛ-ਗਿੱਛ ਲਈ ਫਿਰੋਜ਼ਪੁਰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਸ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਟਰੇਸ ਕੀਤੇ ਜਾ ਰਹੇ ਹਨ। ਇਸ ਨਸ਼ਾ ਸਮੱਗਲਰ ਤੋਂ ਕਈ ਮਹੱਤਵਪੂਰਨ ਸੁਰਾਗ ਮਿਲੇ ਹਨ ਅਤੇ ਹੋਰ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਜਾਣਕਾਰੀ ਅਨੁਸਾਰ ਨਸ਼ਾ ਸਮੱਗਲਰ ਨੇ ਪਾਕਿਸਤਾਨੀ ਸਮੱਗਲਰਾਂ ਤੋਂ ਹੈਰੋਇਨ ਦੀ ਇਹ ਖੇਪ ਮੰਗਵਾਈ ਸੀ, ਜਿਸ ਦੀ ਸਪਲਾਈ ਅੱਗੇ ਕੀਤੀ ਜਾਣੀ ਸੀ। ਇਹ ਵੱਡੀ ਸਫਲਤਾ ਬੀ. ਐੱਸ. ਐੱਫ. ਇੰਟੈਲੀਜੈਂਸ ਵਿੰਗ ਦੀ ਸ਼ਾਨਦਾਰ ਕੁਸ਼ਲਤਾ ਅਤੇ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਦੀ ਅਟੁੱਟ ਵਫਾਦਾਰੀ ਅਤੇ ਚੌਕਸੀ ਨੂੰ ਦਰਸਾਉਂਦੀ ਹੈ, ਜੋ ਦੇਸ਼ ਦੀਆਂ ਸਰਹੱਦਾਂ ਨੂੰ ਅੰਤਰਰਾਸ਼ਟਰੀ ਸਮੱਗਲਿੰਗ ਦੇ ਖਤਰਿਆਂ ਤੋਂ ਸੁਰੱਖਿਅਤ ਰੱਖਣ ਲਈ ਦਿਨ-ਰਾਤ ਵਚਨਬੱਧ ਹਨ।

Read More : ਲੁਧਿਆਣਾ ਵਿਚ ਸਥਾਪਿਤ ਕੀਤੀ ਜਾਵੇਗੀ ਵਿਸ਼ਵ ਪੱਧਰੀ ਯੂਨੀਵਰਸਿਟੀ

Leave a Reply

Your email address will not be published. Required fields are marked *