-ਵਧੀਕ ਡਿਪਟੀ ਕਮਿਸ਼ਨਰਾਂ ਇਸ਼ਾ ਸਿੰਗਲ ਤੇ ਨਵਰੀਤ ਕੌਰ ਸੇਖੋਂ ਵੱਲੋਂ ਐਸਡੀਐਮਜ, ਬੀਡੀਪੀਓਜ, ਕਾਰਜ ਸਾਧਕ ਅਫ਼ਸਰਾਂ ਨਾਲ ਬੈਠਕ
ਪਟਿਆਲਾ, 5 ਮਈ (2025): ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਜਮੀਨੀ ਪੱਧਰ ਤੱਕ ਪੁੱਜਦਾ ਕਰਨ ਤੇ ਆਮ ਲੋਕਾਂ ਨੂੰ ਨਸ਼ਿਆਂ ਤੇ ਨਸ਼ਾ ਤਸਕਰਾਂ ਵਿਰੁੱਧ ਲਾਮਬੰਦ ਕਰਨ ਲਈ ਨਸ਼ਾ ਮੁਕਤੀ ਯਾਤਰਾ 7 ਮਈ ਤੋਂ ਸ਼ੁਰੂ ਹੋ ਰਹੀ ਹੈ।ਇਸ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ ਤੇ ਨਵਰੀਤ ਕੌਰ ਸੇਖੋਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐਸਐਸਪੀ ਵਰੁਣ ਸ਼ਰਮਾ ਦੀ ਦੇਖ-ਰੇਖ ਹੇਠ ਪਿੰਡਾਂ ਤੇ ਵਾਰਡਾਂ ਦੇ ਪਹਿਰੇਦਾਰਾਂ ਨੂੰ ਨਾਲ ਲੈਕੇ ਹਰ ਪਿੰਡ, ਕਸਬੇ ਤੇ ਸ਼ਹਿਰਾਂ ਦੇ ਵਾਰਡਾਂ ਤੱਕ ਪਹੁੰਚਿਆ ਜਾਵੇਗਾ।
7 ਮਈ ਤੋਂ 14 ਮਈ ਤੱਕ ਪ੍ਰੋਗਰਾਮ ਉਲੀਕੇ
ਦੋਵੇਂ ਏ.ਡੀ.ਸੀਜ ਨੇ ਦੱਸਿਆ ਕਿ ਹਲਕਾ ਵਿਧਾਇਕ ਸਾਹਿਬਾਨ ਦੀ ਅਗਵਾਈ ਹੇਠ ਹਰੇਕ ਹਲਕੇ ਦੇ ਪਿੰਡ ਤੇ ਸ਼ਹਿਰ ਦੀ ਹਰ ਵਾਰਡ ਵਿੱਚ 7 ਮਈ ਤੋਂ 14 ਮਈ ਤੱਕ ਪੁੱਜਣ ਲਈ ਨਸ਼ਾ ਮੁਕਤੀ ਮਾਰਚ ਦੇ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਹਲਕਿਆਂ ਦੇ ਵਿਧਾਇਕ ਤੇ ਉਨ੍ਹਾਂ ਦੇ ਨੁਮਾਇੰਦੇ, ਸਰਪੰਚ, ਕੌਂਸਲਰ, ਬੀਡੀਪੀਓਜ, ਐਸਐਮਓਜ, ਥਾਣਿਆਂ ਤੇ ਪੁਲਿਸ ਚੌਂਕੀਆਂ ਦੇ ਮੁਖੀ ਇਸ ਨਸ਼ਾ ਮੁਕਤੀ ਮਾਰਚ ਦੀ ਪ੍ਰਧਾਨਗੀ ਕਰਨਗੇ।
ਪਹਿਲੇ ਪੜਾਅ ਤਹਿਤ ਨੌਜਵਾਨਾਂ ਨੂੰ ਕੀਤਾ ਜਾਵੇਗਾ ਲਾਮਬੰਦ
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਹੇਠ ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਰਾਜਪੁਰਾ, ਘਨੌਰ, ਸਨੌਰ, ਨਾਭਾ, ਸਮਾਣਾ ਤੇ ਸ਼ੁਤਰਾਣਾ ਹਲਕੇ ਦੇ ਪਿੰਡਾਂ ਤੇ ਵਾਰਡਾਂ ਵਿੱਚ ਨਸ਼ਾ ਮੁਕਤੀ ਮਾਰਚ ਜਾਵੇਗਾ। ਇਸ ਦੌਰਾਨ ਲੋਕਾਂ ਤੇ ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਕੇ ਪੰਜਾਬ ਸਰਕਾਰ ਦੀ ਇਸ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨਾਲ ਜੋੜਿਆ ਜਾਵੇਗਾ।ਨਵਰੀਤ ਕੌਰ ਸੇਖੋਂ ਤੇ ਇਸ਼ਾ ਸਿੰਗਲ ਨੇ ਦੱਸਿਆ ਕਿ ਇਸ ਦੌਰਾਨ ਲੋਕਾਂ ਤੋਂ ਫੀਡਬੈਕ ਹਾਸਲ ਕਰਕੇ ਇਲਾਕੇ ਦੇ ਨਸ਼ਾ ਤਸਕਰਾਂ ਦੀ ਸੂਹ ਲੈ ਕੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ ਅਤੇ ਜਿਹੜੇ ਵਿਅਕਤੀ ਨਸ਼ਿਆਂ ਦੀ ਲਤ ਦਾ ਸ਼ਿਕਾਰ ਹਨ, ਉਨ੍ਹਾਂ ਦੇ ਇਲਾਜ ਤੇ ਪੁਨਰਵਾਸ ਲਈ ਉਨ੍ਹਾਂ ਨੂੰ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਪਿੰਡਾਂ ਦੇ ਪਹਿਰੇਦਾਰ ਤੇ ਵਾਰਡ ਡਿਫੈਂਸ ਕਮੇਟੀਆਂ ਦਾ ਗਠਨ ਪਟਿਆਲਾ ਜ਼ਿਲ੍ਹੇ ਵਿੱਚ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਇਸ ਨਸ਼ਾ ਮੁਕਤੀ ਮਾਰਚ ਵਿੱਚ ਨਾਲ ਲੈਕੇ ਘਰ-ਘਰ ਇਸ ਲਹਿਰ ਨੂੰ ਪਹੁੰਚਾਏ ਜਾਣ ਦੀ ਯੋਜਨਾ ਹੈ।
Read More://ਗੁਪਤ ਸੂਚਨਾ ‘ਤੇ DSP ਦੀ ਅਗਵਾਈ ‘ਚ ਪਿੰਡ ਮੰਡੋਰ ਵਿਖੇ ਪੁਲਸ ਨੇ ਮਾਰਿਆ ਛਾਪਾhttps://punjabwindow.com/police-raided-village-mandor-under-the-leadership-of-dsp-on-a-confidential-information/