Murder

ਨਸ਼ੇੜੀ ਪੁੱਤ ਨੇ ਗਲ ਘੁੱਟ ਕੇ ਮਾਂ ਨੂੰ ਮਾਰਿਆ

ਗੁਰੂਹਰਸਹਾਏ, 4 ਦਸੰਬਰ : ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਮੋਹਨ ਕੇ ਉਤਾੜ ਵਿਖੇ ਇਕ ਬਹੁਤ ਹੀ ਦੁੱਖਦਾਈ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਨਸ਼ੇੜੀ ਪੁੱਤ ਨੇ ਆਪਣੀ ਮਾਂ ਨਾਲ ਝਗੜਾ ਕਰਨ ਤੋਂ ਬਾਅਦ ਗਲ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਗੁਰਦੀਪ ਸਿੰਘ ਪੁੱਤਰ ਬੂੜ ਸਿੰਘ ਵਾਸੀ ਚਾਂਦੀ ਵਾਲਾ ਨੇ ਦੱਸਿਆ ਕਿ ਉਸ ਦੀ ਸਾਲੀ ਕੋੜੋ ਬਾਈ ਦਾ ਵਿਆਹ ਜੱਗਾ ਸਿੰਘ ਪੁੱਤਰ ਘੁੱਲਾ ਸਿੰਘ ਵਾਸੀ ਮੋਹਨ ਕੇ ਉਤਾੜ ਨਾਲ ਹੋਇਆ ਸੀ। ਉਸ ਦੇ 3 ਲੜਕੇ ਹਨ, ਜਿਨ੍ਹਾਂ ’ਚੋਂ ਵੱਡਾ ਲੜਕਾ ਗੁਰਦੀਪ ਸਿੰਘ (ਕੁਆਰਾ), ਛੋਟਾ ਲੜਕਾ ਨਾਨਕ ਸਿੰਘ (ਵਿਆਹਿਆ) ਅਤੇ ਸਭ ਤੋਂ ਛੋਟਾ ਲੜਕਾ ਗੁਰਮੁੱਖ ਸਿੰਘ (ਕੁਆਰਾ) ਮਿਹਨਤ-ਮਜ਼ਦੂਰੀ ਕਰਦਾ ਹੈ। ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਭਾਣਜਾ ਨਾਨਕ ਸਿੰਘ ਸ਼ਰਾਬ ਪੀਣ ਦਾ ਆਦੀ ਹੈ ਅਤੇ ਅਕਸਰ ਆਪਿਆਂ ਅਤੇ ਭਰਾਵਾਂ ਨਾਲ ਲੜਾਈ-ਝਗੜਾ ਕਰਦਾ ਰਹਿੰਦਾ ਹੈ।

ਸ਼ਿਕਾਇਤਕਰਤਾ ਅਨੁਸਾਰ 3 ਦਸੰਬਰ ਨੂੰ ਸ਼ਾਮ ਕਰੀਬ 6 ਵਜੇ ਮੁਲਜ਼ਮ ਨਾਨਕ ਸਿੰਘ ਨੇ ਆਪਣੀ ਮਾਤਾ ਕੋੜੋ ਬਾਈ ਨਾਲ ਫਿਰ ਤੋਂ ਲੜਾਈ-ਝਗੜਾ ਕੀਤਾ ਅਤੇ ਉਸ ਦੀ ਕੁੱਟਮਾਰ ਕੀਤੀ। ਉਸ ਨੇ ਆਪਣੀ ਮਾਂ ਦੇ ਗਲ ’ਤੇ ਸਟੀਲ ਦਾ ਗਿਲਾਸ ਰੱਖ ਕੇ ਜ਼ੋਰ ਨਾਲ ਦਬਾ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸ. ਐੱਚ. ਓ. ਗੁਰਜੰਟ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਨਾਨਕ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Read More : ਟੀ.ਐੱਸ.ਐੱਫ. ਨੇ ਪੰਜਾਬ ਸਰਕਾਰ ਨਾਲ 400 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਰਸਮੀ ਸਮਝੌਤਾ ਕੀਤਾ

Leave a Reply

Your email address will not be published. Required fields are marked *