178 ਸਾਲਾਂ ਦੇ ਇਤਿਹਾਸ ਵਿਚ ਏ. ਐੱਮ. ਏ. ਦੇ ਪ੍ਰਧਾਨ ਚੁਣੇ ਜਾਣ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ
ਅਮਰੀਕਾ, 12 ਜੂਨ – : ਅਮੈਰੀਕਨ ਮੈਡੀਕਲ ਐਸੋਸੀਏਸ਼ਨ (ਏ. ਐੱਮ. ਏ.) ਦਾ ਡਾ.ਸ਼੍ਰੀਨਿਵਾਸ ਬੌਬੀ ਮੁਕਮਾਲਾ ਨੂੰ 180ਵਾਂ ਪ੍ਰਧਾਨ ਚੁਣਿਆ ਗਿਆ ਹੈ। ਉਹ ਇਸ ਵੱਕਾਰੀ ਸੰਸਥਾ ਦੇ 178 ਸਾਲਾਂ ਦੇ ਇਤਿਹਾਸ ਵਿੱਚ ਪ੍ਰਧਾਨ ਚੁਣੇ ਜਾਣ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹਨ। ਇਸ ਇਤਿਹਾਸਕ ਮੌਕੇ ‘ਤੇ ਡਾ. ਮੁਕਮਾਲਾ ਨੇ ਕਿਹਾ ਕਿ ਇਹ ਇੱਕ ਪ੍ਰੇਰਨਾਦਾਇਕ ਅਤੇ ਭਾਵਨਾਤਮਕ ਪਲ ਹੈ।
ਡਾ. ਮੁਕਮਾਲਾ ਨੂੰ ਪਿਛਲੇ ਸਾਲ ਨਵੰਬਰ ਵਿੱਚ ਉਨ੍ਹਾਂ ਦੇ ਦਿਮਾਗ ਦੇ ਖੱਬੇ ਪਾਸੇ 8 ਸੈਂਟੀਮੀਟਰ ਟੈਂਪੋਰਲ ਲੋਬ ਟਿਊਮਰ ਦਾ ਪਤਾ ਲੱਗਿਆ ਸੀ। ਉਨ੍ਹਾਂ ਦੀ ਸਿਰਫ਼ ਤਿੰਨ ਹਫ਼ਤਿਆਂ ਵਿੱਚ ਸਰਜਰੀ ਕੀਤੀ ਗਈ, ਜਿਸ ਵਿੱਚ 90 ਪ੍ਰਤੀਸ਼ਤ ਟਿਊਮਰ ਨੂੰ ਸਫਲਤਾਪੂਰਵਕ ਬਾਹਰ ਕੱਢ ਦਿੱਤਾ ਗਿਆ ਸੀ। 53 ਸਾਲਾ ਡਾ. ਮੁਕਮਾਲਾ ਦੋ ਬੱਚਿਆਂ ਦੇ ਪਿਤਾ ਹਨ।
ਡਾ. ਮੁਕਮਾਲਾ ਨੇ ਮੰਨਿਆ ਕਿ ਉਨ੍ਹਾਂ ਨੂੰ ਸਭ ਤੋਂ ਵਧੀਆ ਇਲਾਜ ਮਿਲਿਆ ਪਰ ਇਹ ਸਾਰੇ ਮਰੀਜ਼ਾਂ ਲਈ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਬਹੁਤ ਸਾਰੇ ਲੋਕ ਅਜੇ ਵੀ ਸੋਚ ਰਹੇ ਹਨ ਕਿ ਕੀ ਬੀਮਾ ਉਨ੍ਹਾਂ ਦੇ ਇਲਾਜ ਨੂੰ ਕਵਰ ਕਰੇਗਾ, ਦਵਾਈਆਂ ਦੀ ਕੀਮਤ ਕਿੰਨੀ ਹੋਵੇਗੀ ਜਾਂ ਉਨ੍ਹਾਂ ਨੂੰ ਕਿਸੇ ਮਾਹਰ ਨੂੰ ਮਿਲਣ ਲਈ ਕਿੰਨਾ ਸਮਾਂ ਉਡੀਕ ਕਰਨੀ ਪਵੇਗੀ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਡੀ ਸਿਹਤ ਪ੍ਰਣਾਲੀ ਨੂੰ ਹਰ ਸੂਬੇ ਅਤੇ ਵਿਸ਼ੇਸ਼ਤਾ ਦੇ ਹੁਨਰਮੰਦ ਡਾਕਟਰਾਂ ਦੀ ਅਗਵਾਈ ਦੀ ਲੋੜ ਹੈ। ਏ. ਐੱਮ. ਏ.ਨੂੰ ਆਪਣੀ ਭੂਮਿਕਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤਾਕਤ ਅਤੇ ਏਕਤਾ ਨਾਲ ਨਿਭਾਉਣੀ ਚਾਹੀਦੀ ਹੈ।
Read More : ਭਿਆਨਕ ਗਰਮੀ ਨੇ ਕੀਤਾ ਬੁਰਾ ਹਾਲ