ਫ਼ਾਰਚੂਨਰ ਸਵਾਰ ਹਮਲਾਵਰਾਂ ਨੇ ਫ਼ਾਰਮ ਹਾਊਸ ’ਚ ਦਿੱਤਾ ਵਾਰਦਾਤ ਨੂੰ ਅੰਜਾਮ; ਇਲਾਕੇ ’ਚ ਦਹਿਸ਼ਤ
ਸਰਦੂਲਗੜ੍ਹ, 27 ਫਰਵਰੀ : ਸਰਦੂਲਗੜ੍ਹ ਦੇ ਸ਼ੈਲਰ ਰੋਡ ’ਤੇ ਇਕ ਫ਼ਾਰਮ ਹਾਊਸ ਵਿੱਚ ਅਣਪਛਾਤੇ ਵਿਅਕਤੀਆਂ ਨੇ ਇਕ ਵਪਾਰੀ ਅਤੇ ਮਾਲੀ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਹਮਲਾਵਰ ਫ਼ਾਰਚੂਨਰ ਗੱਡੀ ’ਤੇ ਸਵਾਰ ਹੋ ਕੇ ਆਏ ਸਨ, ਜੋ ਵਾਰਦਾਤ ਤੋਂ ਬਾਅਦ ਫ਼ਰਾਰ ਹੋ ਗਏ। ਪੁਲਸ ਇਸ ਮਾਮਲੇ ਨੂੰ ਆਪਸੀ ਰੰਜਿਸ਼ ਨਾਲ ਜੋੜ ਕੇ ਦੇਖ ਰਹੀ ਹੈ।
ਜਾਣਕਾਰੀ ਅਨੁਸਾਰ ਸਰਦੂਲਗੜ੍ਹ ਦਾ ਵਪਾਰੀ ਜਸਵੀਰ ਕੁਮਾਰ ਉਰਫ਼ ਕਾਕਾ (48) ਸਵੇਰੇ ਸੈਰ ਦੌਰਾਨ ਆਪਣੇ ਫ਼ਾਰਮ ਹਾਊਸ ’ਤੇ ਗਿਆ ਸੀ, ਜਿੱਥੇ ਮਾਲੀ ਬਲਦੇਵ ਸਿੰਘ (50) ਵਾਸੀ ਮੀਰਪੁਰ ਕਲਾਂ ਕੰਮ ਕਰ ਰਿਹਾ ਸੀ। ਇਸੇ ਦੌਰਾਨ ਹਮਲਾਵਰਾਂ ਨੇ ਉਨ੍ਹਾਂ ’ਤੇ ਗੋਲੀਆਂ ਵਰ੍ਹਾ ਦਿੱਤੀਆਂ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬਲਦੇਵ ਸਿੰਘ ਜ਼ਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਿਕਰਮ ਸਿੰਘ ਮੋਫਰ ਦੇ ਘਰ ਵੀ ਮਾਲੀ ਵਜੋਂ ਕੰਮ ਕਰਦਾ ਸੀ।
ਪੁਲਸ ਅਧਿਕਾਰੀਆਂ ਨੇ ਲਿਆ ਜਾਇਜ਼
ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਐੱਸ.ਪੀ. ਭਾਗੀਰਥ ਸਿੰਘ ਮੀਨਾ, ਡੀ.ਐੱਸ.ਪੀ. ਮਨਜੀਤ ਸਿੰਘ ਅਤੇ ਪੁਲਸ ਫੋਰਸ ਮੌਕੇ ’ਤੇ ਪਹੁੰਚੀ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਥਾਣਾ ਸਰਦੂਲਗੜ੍ਹ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸਿਆਸੀ ਆਗੂਆਂ ਨੇ ਚੁੱਕੇ ਸਵਾਲ
ਜ਼ਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਇਸ ਘਟਨਾ ਨੂੰ ਸੂਬੇ ਦੀ ਮਾੜੀ ਕਾਨੂੰਨ ਵਿਵਸਥਾ ਦਾ ਨਤੀਜਾ ਦੱਸਿਆ। ਉਨ੍ਹਾਂ ਸ਼ੰਕਾ ਜਤਾਈ ਕਿ ਬਲਦੇਵ ਸਿੰਘ ਦਾ ਕਤਲ ਸਿਆਸੀ ਰੰਜਿਸ਼ ਕਾਰਨ ਵੀ ਹੋ ਸਕਦਾ ਹੈ।
Read More : ਬਿਕਰਮ ਮਜੀਠੀਆ ਨੇ ਅਦਾਲਤ ’ਚ ਦਾਖ਼ਲ ਕੀਤੀ ਡਿਸਚਾਰਜ ਐਪਲੀਕੇਸ਼ਨ
