ਮੈਂ ਗੁਰੂ ਨੂੰ ਸਮਰਪਿਤ ਹਾਂ, ਜੋ ਵੀ ਸਜ਼ਾ ਮੈਨੂੰ ਦਿੱਤੀ ਜਾਵੇਗੀ, ਉਹ ਮੈਨੂੰ ਮਨਜ਼ੂਰ ਹੋਵੇਗੀ : ਜਸਵੰਤ ਜ਼ਫ਼ਰ
ਅੰਮ੍ਰਿਤਸਰ, 1 ਸਤੰਬਰ : ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕ ਨਿਮਾਣੇ ਸਿੱਖ ਵਜੋਂ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਪੇਸ਼ ਹੋਏ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਿਖਤੀ ਰੂਪ ਵਿਚ ਆਪਣਾ ਸਪੱਸ਼ਟੀਕਰਨ ਸੌਂਪਿਆ।
ਇਸ ਤੋਂ ਬਾਅਦ ਜਸਵੰਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਜ਼ਫ਼ਰ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਗੁਰੂ ਨੂੰ ਸਮਰਪਿਤ ਹਨ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਧਾਰਮਿਕ ਸਜ਼ਾ ਮਿਲਦੀ ਹੈ ਤਾਂ ਉਹ ਉਸਨੂੰ ਸਿਰ ਮੱਥੇ ਸਵੀਕਾਰ ਕਰਨਗੇ।
ਜਸਵੰਤ ਸਿੰਘ ਜ਼ਫ਼ਰ ਦਫ਼ਤਰ ਸਕੱਤਰੇਤ ਵਿਖੇ ਨਿੱਜੀ ਤੌਰ ’ਤੇ ਹਾਜ਼ਰ ਹੋਏ ਅਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਗਾਇਕ ਬੀਰ ਸਿੰਘ ਦੀ ਮੈਨੇਜਮੈਂਟ ਦੀ ਗਲਤੀ ਕਾਰਨ ਇਹ ਵਿਵਾਦ ਉੱਠਿਆ। ਉਨ੍ਹਾਂ ਕਿਹਾ ਕਿ ਭਾਵੇਂ ਇਸ ਮਾਮਲੇ ਵਿੱਚ ਉਨ੍ਹਾਂ ਦੀ ਸਿੱਧੀ ਭੂਮਿਕਾ ਨਹੀਂ ਸੀ, ਫਿਰ ਵੀ ਉਹ ਇਸ ਗਲਤੀ ਨੂੰ ਆਪਣੀ ਜ਼ਿੰਮੇਵਾਰੀ ਮੰਨਦੇ ਹਨ। ਇਸੇ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਉਹ ਮੁਆਫ਼ੀ ਮੰਗਣ ਪਹੁੰਚੇ ਹਨ।
ਉਨ੍ਹਾਂ ਕਿਹਾ ਕਿ “ਮੈਂ ਗੁਰੂ ਨੂੰ ਸਮਰਪਿਤ ਹਾਂ, ਜੋ ਵੀ ਸਜ਼ਾ ਮੈਨੂੰ ਦਿੱਤੀ ਜਾਵੇਗੀ, ਉਹ ਮੈਨੂੰ ਮਨਜ਼ੂਰ ਹੋਵੇਗੀ। ਮੇਰੀ ਹਮੇਸ਼ਾ ਇਹੀ ਭਾਵਨਾ ਰਹੀ ਹੈ ਕਿ ਸੇਵਾ ਕਰਨੀ ਸਭ ਤੋਂ ਵੱਡਾ ਧਰਮ ਹੈ। ਗੁਰੂ ਜੋ ਵੀ ਸੇਵਾ ਦੇਣਗੇ, ਮੈਂ ਉਸਨੂੰ ਨਿਮਰਤਾ ਨਾਲ ਨਿਭਾਵਾਂਗਾ।’’
ਜ਼ਫ਼ਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਮਨੋਰਥ ਨਹੀਂ ਸੀ ਪਰ ਹਾਲ ਹੀ ਦੀ ਘਟਨਾ ਨਾਲ ਬੇਲੋੜਾ ਵਿਵਾਦ ਖੜ੍ਹਾ ਹੋ ਗਿਆ, ਜਿਸ ਨਾਲ ਉਨ੍ਹਾਂ ਨੂੰ ਗਹਿਰੀ ਪੀੜਾ ਹੋਈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਗੁਰੂ ਦੀ ਰਹਿਮਤ ਨਾਲ ਹੀ ਉਹ ਇਸ ਅਹੁਦੇ ’ਤੇ ਹਨ ਅਤੇ ਅੱਗੇ ਵੀ ਗੁਰੂ ਦੇ ਹੁਕਮ ਅਨੁਸਾਰ ਹੀ ਸੇਵਾ ਕਰਦੇ ਰਹਿਣਗੇ।
Read More : ਸੂਬਾ ਸਰਕਾਰ ਹੜ੍ਹਾਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰੇਗੀ : ਅਮਨ ਅਰੋੜਾ