brigade facility

ਦਿੜ੍ਹਬਾ ਨੂੰ ਮਿਲੀ ਫਾਇਰ ਬ੍ਰਿਗੇਡ ਦੀ ਸਹੂਲਤ

5200 ਲੀਟਰ ਸਮਰੱਥਾ ਵਾਲੀ ਫਾਇਰ ਬ੍ਰਿਗੇਡ ਲਈ 7 ਮੁਲਾਜ਼ਮ ਰਹਿਣਗੇ 24 ਘੰਟੇ ਤਿਆਰ: ਹਰਪਾਲ ਚੀਮਾ

ਦਿੜ੍ਹਬਾ, 13 ਅਕਤੂਬਰ : ਪੰਜਾਬ ਦੇ ਵਿੱਤ ਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਨਗਰ ਪੰਚਾਇਤ ਦਿੜ੍ਹਬਾ ਨੂੰ 65 ਲੱਖ ਰੁਪਏ ਦੀ ਲਾਗਤ ਵਾਲੀ ਅਤਿ ਆਧੁਨਿਕ ਤਕਨੀਕ ਨਾਲ ਲੈਸ 5200 ਲੀਟਰ ਪਾਣੀ ਦੀ ਸਮਰੱਥਾ ਵਾਲੀ ਫਾਇਰ ਬ੍ਰਿਗੇਡ ਦੀ ਗੱਡੀ ਦੀਆਂ ਚਾਬੀਆਂ ਸੌਂਪੀਆਂ।

ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਦੇ ਹਿੱਸੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 65 ਰੁਪਏ ਦੀ ਲਾਗਤ ਨਾਲ ਖ਼ਰੀਦੀ ਅਤਿ ਆਧੁਨਿਕ ਤਕਨੀਕ ਵਾਲੀ ਫਾਇਰ ਬ੍ਰਿਗੇਡ ਨਗਰ ਪੰਚਾਇਤ ਦਿੜ੍ਹਬਾ ਨੂੰ ਦਿੱਤੀ ਗਈ ਹੈ, ਤਾਂ ਕਿ ਇਲਾਕੇ ਵਿੱਚ ਅੱਗ ਲੱਗਣ ਦੀ ਕਿਸੇ ਵੀ ਘਟਨਾ ਉੱਤੇ ਤੁਰੰਤ ਕਾਬੂ ਪਾਇਆ ਜਾ ਸਕੇ। ਉਨ੍ਹਾਂ ਦੱਸਿਆ ਕੇ ਇਹ ਫਾਇਰ ਬ੍ਰਿਗੇਡ 24 ਘੰਟੇ ਤਿਆਰ ਰਹੇਗੀ ਤੇ ਇਸ ਦੀ ਵਰਤੋਂ ਲਈ 7 ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਫ਼ਸਲ ਪੱਕਣ ਸਮੇਂ ਅਤੇ ਤਿਉਹਾਰਾਂ ਦੇ ਸੀਜ਼ਨ ਵਿੱਚ ਆਤਿਸ਼ਬਾਜ਼ੀ ਜਾਂ ਪਟਾਕਿਆਂ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਦਾ ਖ਼ਤਰਾ ਜ਼ਿਆਦਾ ਬਣਿਆ ਰਹਿੰਦਾ ਹੈ ਤੇ ਅਜਿਹੇ ਵਿੱਚ ਨੇੜੇ ਫਾਇਰ ਬ੍ਰਿਗੇਡ ਦੀ ਸਹੂਲਤ ਹੋਣਾ ਅਤਿ ਜ਼ਰੂਰੀ ਹੈ ਇਸ ਲਈ ਨਗਰ ਪੰਚਾਇਤ ਦਿੜ੍ਹਬਾ ਵਿਖੇ ਨਵੀਂ ਤਕਨੀਕ ਵਾਲੀ ਫਾਇਰ ਬ੍ਰਿਗੇਡ ਦਿੱਤੀ ਗਈ ਹੈ ਤਾਂ ਕਿ ਇਲਾਕਾ ਨਿਵਾਸੀਆਂ ਤੇ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਵਿੱਤ ਮੰਤਰੀ ਨੇ ਕਿਹਾ ਕਿ ਭਾਵੇਂ ਨਾਲ ਲੱਗਦੇ ਸ਼ਹਿਰਾਂ ਵਿੱਚ ਫਾਇਰ ਬ੍ਰਿਗੇਡ ਦੀ ਸੇਵਾ ਉਪਲਬਧ ਹੈ, ਪਰ ਦਿੜ੍ਹਬਾ ‘ਚ ਇਹ ਸਹੂਲਤ ਨਾ ਹੋਣ ਕਰਕੇ ਇਲਾਕਾ ਨਿਵਾਸੀਆਂ ਦੀ ਇਹ ਮੰਗ ਸੀ ਜਿਸ ਨੂੰ ਅੱਜ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਸੇਵਾਵਾਂ ਹੋਰ ਕਾਰਗਰ ਢੰਗ ਨਾਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇਹ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਉਪਕਰਨ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਇਹ ਐਡਵਾਂਸ ਤਕਨੀਕ ਵਾਲੀ ਫਾਇਰ ਬ੍ਰਿਗੇਡ ਕਿਸੇ ਵੀ ਅਣਸੁਖਾਵੀ ਅੱਗ ਲੱਗਣ ਦੀ ਘਟਨਾ ਤੇ ਜਲਦੀ ਕਾਬੂ ਪਾਉਣ ਵਿੱਚ ਸਹਾਈ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਾਡੀ ਮੁੱਖ ਤਰਜ਼ੀਹ ਹੈ ਅਤੇ ਪੰਜਾਬ ਸਰਕਾਰ ਐਮਰਜੈਂਸੀ ਹਾਲਾਤਾਂ ‘ਚ ਬੁਨਿਆਦੀ ਸਹੂਲਤਾਂ ਲਈ ਪੁਖ਼ਤਾ ਪ੍ਰਬੰਧ ਕਰ ਰਹੀ ਹੈ।

ਇਸ ਮੌਕੇ ਐਸ.ਡੀ.ਐਮ ਦਿੜ੍ਹਬਾ ਰਾਜੇਸ਼ ਕੁਮਾਰ ਸ਼ਰਮਾ, ਪ੍ਰਧਾਨ ਨਗਰ ਪੰਚਾਇਤ ਦਿੜ੍ਹਬਾ ਮਨਿੰਦਰ ਸਿੰਘ ਘੁਮਾਣ, ਨਗਰ ਪੰਚਾਇਤ ਮੈਂਬਰ, ਇਲਾਕੇ ਦੇ ਪੰਚ-ਸਰਪੰਚ ਤੇ ਵੱਡੀ ਗਿਣਤੀ ਇਲਾਕਾ ਨਿਵਾਸੀ ਮੌਜੂਦ ਸਨ।

Read More : 5 ਕਰੋੜ ਦੀ ਹੈਰੋਇਨ ਸਮੇਤ 2 ਡਰੋਨ ਜ਼ਬਤ

Leave a Reply

Your email address will not be published. Required fields are marked *