ਚੰਡੀਗੜ੍ਹ, 2 ਨਵੰਬਰ : ਪੰਜਾਬ ਨੇ ਅਕਤੂਬਰ 2025 ਤੱਕ ਸ਼ੁੱਧ ਜੀ. ਐੱਸ. ਟੀ. ਪ੍ਰਾਪਤੀ ’ਚ 21.51 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ ਜਦਕਿ ਇਕੱਲੇ ਅਕਤੂਬਰ ਮਹੀਨੇ ’ਚ 14.46 ਫ਼ੀਸਦੀ ਦਾ ਮਜ਼ਬੂਤ ਵਾਧਾ ਹੋਇਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਆਪਕ ਹੜ੍ਹਾਂ ਤੇ ਜੀ. ਐੱਸ. ਟੀ. 2.0 ਤਹਿਤ ਹਾਲ ਹੀ ’ਚ ਟੈਕਸ ਦਰਾਂ ਦੇ ਤਰਕੀਕਰਨ ਦੇ ਬਾਵਜੂਦ ਸੂਬੇ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।
ਉਨ੍ਹਾਂ ਦੱਸਿਆ ਕਿ ਪੰਜਾਬ ਨੇ ਅਪ੍ਰੈਲ ਤੋਂ ਅਕਤੂਬਰ 2025 ਤੱਕ ਸ਼ੁੱਧ ਜੀ. ਐੱਸ. ਟੀ. ਵਜੋਂ 15,683.59 ਕਰੋੜ ਰੁਪਏ ਪ੍ਰਾਪਤ ਕੀਤੇ ਜਦਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੌਰਾਨ ਇਹ ਪ੍ਰਾਪਤੀ 12,907.31 ਕਰੋੜ ਰੁਪਏ ਸੀ, ਜਿਸ ’ਚ ਇਹ 2,776 ਕਰੋੜ ਰੁਪਏ ਦਾ ਸ਼ਾਨਦਾਰ ਵਾਧਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਵਿੱਤੀ ਸਾਲ 2024-25 ’ਚ ਅਕਤੂਬਰ 2024 ਤੱਕ ਵਾਧਾ ਦਰ ਸਿਰਫ਼ 3.8 ਫ਼ੀਸਦੀ ਸੀ।
ਉਨ੍ਹਾਂ ਦੱਸਿਆ ਕਿ ਅਕਤੂਬਰ ਲਈ ਸੂਬੇ ਦੀ ਸ਼ੁੱਧ ਜੀ. ਐੱਸ. ਟੀ. ਪ੍ਰਾਪਤੀ 2,359.16 ਕਰੋੜ ਰੁਪਏ ਰਹੀ, ਜੋ ਕਿ ਅਕਤੂਬਰ 2024 ’ਚ ਪ੍ਰਾਪਤ ਹੋਏ 2,061.23 ਕਰੋੜ ਰੁਪਏ ਦੇ ਮੁਕਾਬਲੇ ਇਕ ਮਹੱਤਵਪੂਰਨ ਵਾਧਾ ਹੈ। ਉਨ੍ਹਾ ਕਿਹਾ ਕਿ ਇਹ 298 ਕਰੋੜ ਰੁਪਏ ਦਾ ਵਾਧਾ ਸੂਬੇ ਦੀ ਲਗਾਤਾਰ ਆਰਥਿਕ ਗਤੀ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਟੈਕਸ ਸਲੈਬਾਂ ’ਚ ਕਟੌਤੀਆਂ ਤੇ ਭਿਆਨਕ ਹੜ੍ਹਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਪੰਜਾਬ ਦੀ ਜੀ.ਐੱਸ.ਟੀ. ਆਮਦਨ ’ਚ ਵਾਧਾ ਹੋਇਆ ਹੈ, ਜੋ ਕਿ ਬਿਹਤਰ ਪਾਲਣਾ, ਕਰ ਚੋਰੀ ਵਿਰੋਧੀ ਪਹਿਲਕਦਮੀਆਂ ਤੇ ਡਿਜੀਟਲ ਨਿਗਰਾਨੀ ਪ੍ਰਣਾਲੀਆਂ ਦੀ ਸਫਲਤਾ ਨੂੰ ਦਰਸਾਉਂਦਾ ਹੈ।
Read More : ਪੀ.ਯੂ. ਬਾਰੇ ਕੇਂਦਰ ਸਰਕਾਰ ਨੇ ਤਾਨਾਸ਼ਾਹੀ ਵਾਲਾ ਕਦਮ ਉਠਾਇਆ : ਹਰਪਾਲ ਚੀਮਾ
