ਮੁਕੇਰੀਆਂ, 31 ਜੁਲਾਈ : ਜ਼ਿਲਾ ਹੁਸ਼ਿਆਰਪੁਰ ਦੇ ਮੁਕੇਰੀਆਂ ਵਿਖੇ ਪੈਂਦੇ ਪਿੰਡ ਚੀਮਾ ਪੋਤਾ ਦੇ ਰਹਿਣ ਵਾਲੇ 27 ਸਾਲਾ ਨੌਜਵਾਨ ਮਨਿੰਦਰਜੀਤ ਸਿੰਘ ਨੇ ਇਹ ਸਾਬਿਤ ਕਰ ਦਿੱਤਾ ਕਿ ਜੇ ਇਨਸਾਨ ਦੇ ਮਨ ਵਿੱਚ ਹੌਂਸਲਾ ਹੋਵੇ ਤਾਂ ਕੋਈ ਵੀ ਰੁਕਾਵਟ ਉਸਦੇ ਰਸਤੇ ਨੂੰ ਰੋਕ ਨਹੀਂ ਸਕਦੀ। ਨੇਤਰਹੀਣ ਹੋਣ ਦੇ ਬਾਵਜੂਦ ਮਨਿੰਦਰਜੀਤ ਨੇ ਯੂਜੀਸੀ ਨੈਟ ਦੀ ਪ੍ਰੀਖਿਆ ਪਾਸ ਕਰ ਕੇ ਇਲਾਕੇ ਵਿੱਚ ਇੱਕ ਵੱਖਰਾ ਮਕਾਮ ਹਾਸਿਲ ਕੀਤਾ ਅਤੇ ਹੋਰ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣਿਆ।
ਮਨਿੰਦਰਜੀਤ ਨੇ ਦੱਸਿਆ ਕਿ ਬਚਪਨ ਵਿੱਚ ਉਸ ਦੀਆਂ ਅੱਖਾਂ ਬਿਲਕੁਲ ਠੀਕ ਸਨ ਪਰ ਸਮੇਂ ਦੇ ਨਾਲ ਨਜ਼ਰ ਕਮਜ਼ੋਰ ਹੋਣੀ ਸ਼ੁਰੂ ਹੋ ਗਈ। ਸਕੂਲ ਦੌਰਾਨ ਹੀ ਉਸਦੀ ਅੱਖਾਂ ਦੀ ਰੌਸ਼ਨੀ ਪੂਰੀ ਤਰ੍ਹਾਂ ਚਲੀ ਗਈ। ਫਿਰ ਵੀ ਮਨਿੰਦਰ ਨੇ ਹੌਸਲਾ ਨਹੀਂ ਹਾਰਿਆ ਅਤੇ ਆਪਣੀ ਪੜ੍ਹਾਈ ਜਾਰੀ ਰੱਖੀ। 12ਵੀਂ ਕਲਾਸ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਨੇ ਐਸ.ਪੀ.ਐਨ. ਕਾਲਜ ਮੁਕੇਰੀਆਂ ਵਿਚ ਦਾਖਲਾ ਲਿਆ।
ਮਨਿੰਦਰਜੀਤ ਨੇ ਦੱਸਿਆ ਕਿ ਉਸਦੀ ਯੂਜੀਸੀ ਨੈਟ ਦੀ ਪਰੀਖਿਆ 29 ਜੂਨ 2025 ਨੂੰ ਜਲੰਧਰ ਦੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਹੋਈ। ਜਦੋਂ ਨਤੀਜਾ ਆਇਆ ਤਾਂ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਉਸਨੇ ਕਿਹਾ ਕਿ ਮੇਰੇ ਮਾਤਾ-ਪਿਤਾ ਨੂੰ ਮੇਰੇ ਉੱਤੇ ਪੂਰਾ ਭਰੋਸਾ ਸੀ ਅਤੇ ਮੈਂ ਉਹਨਾਂ ਦੀਆਂ ਉਮੀਦਾਂ ‘ਤੇ ਖਰਾ ਉਤਰੀਆ ਹਾਂ। ਇਹ ਮੇਰੇ ਮਾਪਿਆਂ ਦੇ ਆਸ਼ੀਰਵਾਦ ਅਤੇ ਮੇਰੇ ਆਪਣੇ ਹੌਸਲੇ ਦਾ ਨਤੀਜਾ ਹੈ ਕਿ ਮੈਂ ਅੱਜ ਇਥੇ ਤਕ ਪਹੁੰਚਿਆ ਹਾਂ।
Read More : ਸਾਦਿਕ ਬੈਂਕ ਨਾਲ ਧੋਖਾਧੜੀ ਕਰਨ ਵਾਲਾ ਮਥੁਰਾ ਤੋਂ ਗ੍ਰਿਫਤਾਰ