terrorist arrested

ਦਿੱਲੀ ਧਮਾਕਾ ਮਾਮਲਾ : ਅਸਿਸਟੈਂਟ ਪ੍ਰੋਫੈਸਰ ਸਮੇਤ 2 ਡਾਕਟਰ ਹਿਰਾਸਤ ’ਚ

ਕਾਨਪੁਰ, 13 ਨਵੰਬਰ : ਦਿੱਲੀ ’ਚ ਹਾਲ ਹੀ ’ਚ ਹੋਏ ਬਲਾਸਟ ਮਾਮਲੇ ’ਚ ਜਾਂਚ ਏਜੰਸੀਆਂ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਦਿੱਲੀ ਪੁਲਸ ਨੇ ਹਾਪੁੜ ਦੇ ਜੀ. ਐੱਸ. ਮੈਡੀਕਲ ਕਾਲਜ ’ਚ ਤਾਇਨਾਤ ਅਸਿਸਟੈਂਟ ਪ੍ਰੋਫੈਸਰ ਡਾ. ਫਾਰੂਕ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਹੈ। ਉਹ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ ਅਤੇ 2 ਸਾਲਾਂ ਤੋਂ ਕਾਲਜ ਕੈਂਪਸ ’ਚ ਰਹਿ ਰਿਹਾ ਸੀ।

ਪੁਲਸ ਨੇ ਉਸ ਦਾ ਲੈਪਟਾਪ ਅਤੇ ਪੈੱਨ ਡਰਾਈਵ ਜ਼ਬਤ ਕਰ ਲਈ ਹੈ। ਮੁੱਢਲੀ ਜਾਂਚ ’ਚ ਉਸ ਦੇ ਜੈਸ਼-ਏ-ਮੁਹੰਮਦ ਨਾਲ ਸਬੰਧ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਇਸੇ ਮਾਮਲੇ ਵਿਚ ਉੱਤਰ ਪ੍ਰਦੇਸ਼ ਏ. ਟੀ. ਐੱਸ. ਨੇ ਕਾਨਪੁਰ ਦੇ ਜੀ. ਐੱਸ. ਵੀ. ਐੱਮ. ਮੈਡੀਕਲ ਕਾਲਜ ’ਚ ਡੀ. ਐੱਮ. (ਕਾਰਡੀਓਲਾਜੀ) ਪਹਿਲੇ ਸਾਲ ਦੇ ਵਿਦਿਆਰਥੀ ਡਾ. ਮੁਹੰਮਦ ਆਰਿਫ਼ (32) ਨੂੰ ਵੀ ਹਿਰਾਸਤ ਵਿਚ ਲਿਆ ਹੈ। ਟੀਮ ਨੇ ਨਜ਼ੀਰਾਬਾਦ ਸਥਿਤ ਉਸ ਦੇ ਘਰ ਤੋਂ ਮੋਬਾਈਲ ਅਤੇ ਲੈਪਟਾਪ ਜ਼ਬਤ ਕੀਤੇ ਹਨ।

ਸੂਤਰਾਂ ਅਨੁਸਾਰ ਆਰਿਫ਼ ਦਾ ਨਾਂ ਪਹਿਲਾਂ ਤੋਂ ਗ੍ਰਿਫਤਾਰ ਡਾ. ਸ਼ਾਹੀਨ ਸਈਦ ਅਤੇ ਡਾ. ਪਰਵੇਜ਼ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਨੈੱਟਵਰਕ ਸਾਂਝੀ ਈ-ਮੇਲ ਆਈ. ਡੀ. ਰਾਹੀਂ ਸੰਵੇਦਨਸ਼ੀਲ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਦਾ ਸੀ। ਹਿਰਾਸਤ ਦੌਰਾਨ ਆਰਿਫ਼ ਨੇ ਕਥਿਤ ਤੌਰ ’ਤੇ ਆਪਣੇ ਫ਼ੋਨ ਡੇਟਾ ਨੂੰ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਪਰ ਏ. ਟੀ. ਐੱਸ. ਟੀਮ ਨੇ ਸਮੇਂ ਸਿਰ ਡਿਵਾਈਸ ਨੂੰ ਜ਼ਬਤ ਕਰ ਲਿਆ।

ਸੰਭਾਵੀ ਸਬੰਧਾਂ ਦੀ ਜਾਂਚ ਕਰ ਰਹੀਆਂ ਹਨ ਏ. ਟੀ. ਐੱਸ. ਅਤੇ ਐੱਨ. ਆਈ. ਏ. ਟੀਮਾਂ

ਜੀ. ਐੱਸ. ਵੀ. ਐੱਮ. ਦੇ ਕਾਰਡੀਓਲਾਜੀ ਵਿਭਾਗ ਦੇ ਮੁਖੀ ਡਾ. ਗਿਆਨੇਂਦਰ ਨੇ ਦੱਸਿਆ ਕਿ ਆਰਿਫ ਨੇ 3 ਮਹੀਨੇ ਪਹਿਲਾਂ ਦਾਖਲਾ ਲਿਆ ਸੀ ਅਤੇ ਉਹ ਸ਼ਾਂਤ ਸੁਭਾਅ ਦਾ ਸੀ। ਸਾਵਧਾਨੀ ਵਜੋਂ ਵਿਭਾਗ ਦੇ ਸਾਰੇ ਵਿਦਿਆਰਥੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਸ ਕਮਿਸ਼ਨਰ ਰਘੁਬੀਰ ਲਾਲ ਨੇ ਕਿਹਾ ਕਿ ਏ. ਟੀ. ਐੱਸ. ਅਤੇ ਐੱਨ. ਆਈ. ਏ. ਟੀਮਾਂ ਹੁਣ ਡਾ. ਸ਼ਾਹੀਨ ਦੇ ਨੈੱਟਵਰਕ ਨਾਲ ਜੁੜੇ ਹੋਰ ਸੰਭਾਵੀ ਲਿੰਕ ਦੀ ਜਾਂਚ ਕਰ ਰਹੀਆਂ ਹਨ।

Read More : ‘ਸ੍ਰੀ ਅਨੰਦਪੁਰ ਸਾਹਿਬ ਨੂੰ ਚਿੱਟੇ ਰੰਗ ਨਾਲ ਸਜਾਇਆ ਜਾਵੇਗਾ’

Leave a Reply

Your email address will not be published. Required fields are marked *