ਦੋ ਮਹੀਨੇ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼
ਕਾਦੀਆਂ, 2 ਫ਼ਰਵਰੀ : ਜ਼ਿਲਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਅਧੀਨ ਆਉਂਦੇ ਪਿੰਡ ਨੱਥੂ ਖੈਹਰਾ ਦੇ 36 ਸਾਲਾ ਨੌਜਵਾਨ ਮਨਦੀਪ ਸਿੰਘ ਦੀ ਭੇਤਭਰੇ ਹਾਲਾਤ ’ਚ ਮੌਤ ਹੋ ਗਈ। ਮਨਦੀਪ ਸਿੰਘ ਸਿਰਫ ਦੋ ਮਹੀਨੇ ਪਹਿਲਾਂ ਹੀ ਰੋਜ਼ੀ-ਰੋਟੀ ਕਮਾਉਣ ਲਈ ਸਾਊਦੀ ਅਰਬ ਗਿਆ ਸੀ। ਇਸ ਮੰਦਭਾਗੀ ਖ਼ਬਰ ਦੇ ਮਿਲਦਿਆਂ ਹੀ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਸਾਊਦੀ ਸਰਕਾਰ ਕੋਲੋਂ ਇਸ ਮੌਤ ਦੀ ਬਾਰੀਕੀ ਨਾਲ ਸਮੀਖਿਆ ਅਤੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਕ ਵੀਡੀਓ ਮਿਲੀ ਹੈ, ਜਿਸ ’ਚ ਮਨਦੀਪ ਸਿੰਘ ਬਿਮਾਰ ਹਾਲਤ ’ਚ ਦਿਖਾਈ ਦੇ ਰਿਹਾ ਹੈ।
ਪਰਿਵਾਰ ਨੇ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਵਿਦੇਸ਼ਾਂ ’ਚ ਰਹਿੰਦੇ ਐੱਨ.ਆਰ.ਆਈ. ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਦੀ ਦੇਹ ਪੰਜਾਬ ਲਿਆਉਣ ’ਚ ਮਦਦ ਕੀਤੀ ਜਾਵੇ, ਕਿਉਂਕਿ ਪਰਿਵਾਰ ਇਹ ਭਾਰੀ ਖ਼ਰਚਾ ਝੱਲਣ ’ਚ ਅਸਮਰੱਥ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮਨਦੀਪ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਨੰਨੇ ਬੱਚੇ ਛੱਡ ਗਿਆ ਹੈ।
Read More : ਮਜੀਠੀਆ ਨੂੰ ਜ਼ਮਾਨਤ ਮਿਲਣਾ ਸੱਚਾਈ ਦੀ ਜਿੱਤ : ਸੁਖਬੀਰ ਬਾਦਲ
