ਖੰਨਾ, 31 ਜੁਲਾਈ : ਜ਼ਿਲਾ ਲੁਧਿਆਣਾ ਵਿਚ ਪੈਂਦੇ ਕਸਬਾ ਖੰਨਾ ਦੇ ਨੇੜਲੇ ਪਿੰਡ ਰੋਹਣੋਂ ਖੁਰਦ ਵਿਖੇ ਛੋਟੇ ਬੱਚੇ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਬੱਚੇ ਮਨਦੀਪ ਸਿੰਘ ਉਮਰ 9 ਸਾਲ ਜਿਹੜਾ ਕਿ ਪਿੰਡ ਰੋਹਣੋਂ ਖੁਰਦ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਦਾ ਸੀ।
ਮ੍ਰਿਤਕ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮੇਰਾ ਬੱਚਾ ਮਨਦੀਪ ਸਿੰਘ ਹੱਸਦਾ ਖੇਡਦਾ ਰੋਟੀ ਖਾ ਕੇ ਸੌ ਗਿਆ ਅਤੇ ਰਾਤ ਨੂੰ 11 ਵਜੇ ਦੇ ਕਰੀਬ ਬੱਚੇ ਨੇ ਆਪਣੇ ਪੇਟ ਵਿਚ ਦਰਦ ਹੋਣ ਦੀ ਸ਼ਿਕਾਇਤ ਕੀਤੀ। ਸਾਡੇ ਵੱਲੋਂ ਤੁਰੰਤ ਇਸ ਨੂੰ ਨੇੜਲੇ ਪਿੰਡ ਦੇ ਡਾਕਟਰ ਤੋਂ ਦਵਾਈ ਲਈ ਪਰ ਮੇਰੇ ਬੱਚੇ ਦੀ ਸਿਹਤ ਹੋਰ ਵੀ ਜ਼ਿਆਦਾ ਖਰਾਬ ਹੁੰਦੀ ਗਈ।
ਇਸ ਤੋਂ ਬਾਅਦ ਸਾਡੇ ਵੱਲੋਂ ਬੱਚੇ ਨੂੰ ਖੰਨਾ ਦੇ ਇਕ ਨਿੱਜੀ ਹਸਪਤਾਲ ਲੈ ਕੇ ਗਏ। ਜਿੱਥੇ ਡਾਕਟਰਾਂ ਵੱਲੋਂ ਮੇਰੇ ਬੱਚੇ ਦੀ ਹਾਲਤ ਖਰਾਬ ਹੋਣ ਕਾਰਨ ਉਸ ਨੂੰ ਕਿਸੇ ਹੋਰ ਹਸਪਤਾਲ ਵਿਖੇ ਲਿਜਾਣ ਦੀ ਸਲਾਹ ਦਿੱਤੀ।
ਉਦੋਂ ਹੀ ਅਸੀ ਆਪਣੇ ਬੱਚੇ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ। ਜਿੱਥੇ ਡਾਕਟਰਾਂ ਵੱਲੋਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਦੇਖਿਆ ਕਿ ਉਸ ਦੀ ਪੈਰ ਦੀ ਅੱਡੀ ਉੱਪਰ ਸੱਪ ਵੱਲੋਂ ਕੱਟਿਆ ਗਿਆ ਸੀ। ਉਸ ਤੋਂ ਬਾਅਦ ਡਿਊਟੀ ’ਤੇ ਤਾਇਨਾਤ ਡਾਕਟਰ ਵੱਲੋਂ ਮੇਰੇ ਬੱਚੇ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
Read More : ਦੇਸ਼ ਦੀ ਸੀਕ੍ਰੇਸੀ ਆਊਟ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ