CM Farooq Abdullah

ਜੰਮੂ ‘ਚ ਫਾਰੂਕ ਅਬਦੁੱਲਾ ‘ਤੇ ਜਾਨਲੇਵਾ ਹਮਲਾ: ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ

ਹਮਲਾਵਰ ਗ੍ਰਿਫ਼ਤਾਰ; ਮੁਲਜ਼ਮ ਦਾ ਦਾਅਵਾ- “20 ਸਾਲਾਂ ਤੋਂ ਬਣਾ ਰਿਹਾ ਸੀ ਕਤਲ ਦੀ ਯੋਜਨਾ”

ਜੰਮੂ, 12 ਮਾਰਚ : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਸਰਪ੍ਰਸਤ ਡਾ. ਫਾਰੂਕ ਅਬਦੁੱਲਾ ‘ਤੇ ਬੁੱਧਵਾਰ ਦੀ ਰਾਤ ਜੰਮੂ ਵਿੱਚ ਕਾਤਲਾਨਾ ਹਮਲਾ ਹੋਣ ਦੀ ਖ਼ਬਰ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਬਾਹਰ ਨਿਕਲ ਰਹੇ ਸਨ। ਖ਼ੁਸ਼ਕਿਸਮਤੀ ਨਾਲ ਫਾਰੂਕ ਅਬਦੁੱਲਾ ਇਸ ਹਮਲੇ ਵਿੱਚ ਸੁਰੱਖਿਅਤ ਬਚ ਗਏ ਹਨ।

ਜਾਣਕਾਰੀ ਅਨੁਸਾਰ ਡਾ. ਅਬਦੁੱਲਾ ਜੰਮੂ ਦੇ ਗ੍ਰੇਟਰ ਕੈਲਾਸ਼ ਇਲਾਕੇ ਵਿੱਚ ਆਪਣੀ ਪਾਰਟੀ ਦੇ ਇੱਕ ਵਰਕਰ ਦੇ ਬੇਟੇ ਦੇ ਵਿਆਹ ਵਿੱਚ ਗਏ ਸਨ। ਜਿਵੇਂ ਹੀ ਉਹ ਬੈਂਕੁਇਟ ਹਾਲ ਤੋਂ ਬਾਹਰ ਆਏ, ਇੱਕ ਹਮਲਾਵਰ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਗੋਲੀ ਚਲਾ ਦਿੱਤੀ। ਸੁਰੱਖਿਆ ਕਰਮੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਹਮਲਾਵਰ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਤੋਂ ਬਾਅਦ ਮੁਲਜ਼ਮ ਝਾੜੀਆਂ ਵਿੱਚ ਲੁਕਣ ਦੀ ਕੋਸ਼ਿਸ਼ ਕਰ ਰਿਹਾ ਸੀ।

ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ 63 ਸਾਲਾ ਕਮਲ ਸਿੰਘ ਜਾਮਵਾਲ ਵਜੋਂ ਹੋਈ ਹੈ। ਉਹ ਜੰਮੂ ਦੇ ਪੁਰਾਣੀ ਮੰਡੀ ਇਲਾਕੇ ਦਾ ਰਹਿਣ ਵਾਲਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਪਿਛਲੇ 20 ਸਾਲਾਂ ਤੋਂ ਫਾਰੂਕ ਅਬਦੁੱਲਾ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਉਸ ਨੇ ਕਿਹਾ, “ਇਹ ਮੇਰਾ ਨਿੱਜੀ ਏਜੰਡਾ ਸੀ। ਅੱਜ ਮੈਨੂੰ ਮੌਕਾ ਮਿਲਿਆ ਪਰ ਉਹ ਬਚ ਗਿਆ।” ਹਮਲੇ ਵਿੱਚ ਵਰਤਿਆ ਗਿਆ ਪਿਸਤੌਲ ਮੁਲਜ਼ਮ ਦਾ ਆਪਣਾ ਲਾਇਸੈਂਸੀ ਹਥਿਆਰ ਸੀ।

ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਵਾਰਦਾਤ ਸਮੇਂ ਕਮਲ ਸਿੰਘ ਜਾਮਵਾਲ ਨਸ਼ੇ ਦੀ ਹਾਲਤ ਵਿੱਚ ਸੀ। ਹਮਲੇ ਦੀ ਕੋਸ਼ਿਸ਼ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਅਤੇ ਪਾਰਟੀ ਵਰਕਰਾਂ ਨੇ ਮੁਲਜ਼ਮ ਦੀ ਕੁੱਟਮਾਰ ਵੀ ਕੀਤੀ, ਜਿਸ ਤੋਂ ਬਾਅਦ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।

ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਹਮਲਾਵਰ ਡਾ. ਅਬਦੁੱਲਾ ਦੇ ਬਿਲਕੁਲ ਪਿੱਛੇ ਪਹੁੰਚ ਗਿਆ ਸੀ ਅਤੇ ਉਨ੍ਹਾਂ ਵੱਲ ਬੰਦੂਕ ਤਾਣ ਲਈ ਸੀ। ਪਰ ਸੁਰੱਖਿਆ ਕਰਮਚਾਰੀਆਂ ਦੀ ਤੇਜ਼ੀ ਸਦਕਾ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਘਟਨਾ ਨੇ ਸੂਬੇ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ ਅਤੇ ਵੀਆਈਪੀ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

Read More : ਮਾਈਨਿੰਗ ਸੁਧਾਰਾਂ ਅਤੇ ਪੋਟਾਸ਼ ਦੀ ਖੋਜ ਨਾਲ ਪੰਜਾਬ ਦੀ ਆਮਦਨ 20,000 ਕਰੋੜ ਤੋਂ ਪਾਰ ਹੋਵੇਗੀ : ਬਰਿੰਦਰ ਗੋਇਲ

Leave a Reply

Your email address will not be published. Required fields are marked *