ਬਾਜਾ ਖਿਲਾਫ਼ ਕਈ ਅਪਰਾਧਿਕ ਮਾਮਲੇ ਦਰਜ
ਜਲੰਧਰ, 7 ਸਤੰਬਰ : ਜ਼ਿਲਾ ਜਲੰਧਰ ਦੇ ਆਦਮਪੁਰ ਥਾਣੇ ਅਧੀਨ ਆਉਂਦੇ ਪਿੰਡ ਡਰੋਲੀ ’ਚ ਦੇਰ ਰਾਤ ਹੋਏ ਪੁਲਿਸ ਮੁਕਾਬਲੇ ’ਚ ਸੂਟਰ ਦਵਿੰਦਰ ਸਿੰਘ ਬਾਜਾ ਜ਼ਖਮੀ ਹੋ ਗਿਆ, ਜਿਸਨੂੰ ਜ਼ਖਮੀ ਹਾਲਤ ਵਿਚ ਆਦਮਪੁਰ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਪਿੰਡ ਦਮੁੰਡਾ (ਆਦਮਪੁਰ) ਦੇ ਰਹਿਣ ਵਾਲੇ ਸ਼ੂਟਰ ਬਾਜਾ ਨੇ ਬੀਤੀ 9 ਅਗਸਤ ਨੂੰ ਹੁਸ਼ਿਆਰਪੁਰ ਦੇ ਮਾਡਲ ਟਾਊਨ ’ਚ ਐਨ.ਆਰ.ਆਈ. ਸਿਮਰਨ ਸਿਕੰਦ ਉਰਫ ਸੈਮ ਦੇ ਘਰ ’ਤੇ ਗੋਲੀਬਾਰੀ ਕੀਤੀ ਸੀ ਅਤੇ ਪਾਕਿ ਡੌਨ ਭੱਟੀ ਨੇ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਸੀ। ਭੱਟੀ ਸੈਮ ਦੇ ਘਰ ’ਤੇ ਗ੍ਰਨੇਡ ਸੁੱਟਣ ਦੀ ਧਮਕੀ ਦੇ ਕੇ ਫਿਰੌਤੀ ਦੀ ਮੰਗ ਕਰ ਰਿਹਾ ਸੀ।
ਇਸ ਤੋਂ ਪਹਿਲਾਂ ਬਾਜਾ ਨੇ ਬੀਤੀ 26 ਜੂਨ ਨੂੰ ਆਦਮਪੁਰ ’ਚ ਏ. ਐਸ. ਆਈ. ਸੁਖਵਿੰਦਰ ਸਿੰਘ ਦੇ ਪੁੱਤਰ ਹਰਮਨਪ੍ਰੀਤ ਸਿੰਘ ’ਤੇ ਵੀ ਗੋਲੀ ਚਲਾਈ ਸੀ ਅਤੇ ਇਹ ਗੋਲੀ ਸੁਖਵਿੰਦਰ ਸਿੰਘ ਦੀ ਲੱਤ ’ਚ ਲੱਗੀ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਬਾਜਾ ਦੇ ਸਾਥੀ ਪਰਮਿੰਦਰ ਸਿੰਘ ਨੂੰ ਫੜ ਲਿਆ ਸੀ ਜਦਕਿ ਬਾਜਾ ਭੱਜਣ ਵਿਚ ਕਾਮਯਾਬ ਹੋ ਗਿਆ ਸੀ।
ਆਦਮਪੁਰ ਪੁਲਿਸ ਥਾਣੇ ਦੇ ਇੰਚਾਰਜ ਰਵਿੰਦਰ ਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਾਕਿ ਡੌਨ ਭੱਟੀ ਦਾ ਸਾਥੀ ਬਾਜਾ ਆਦਮਪੁਰ ਇਲਾਕੇ ਵਿੱਚ ਆ ਰਿਹਾ ਹੈ। ਜਿਸ ਤੋਂ ਬਾਅਦ ਸ਼ਨੀਵਾਰ ਰਾਤ ਨੂੰ ਹੀ ਡੀ.ਐਸ.ਪੀ. ਇੰਦਰਜੀਤ ਸਿੰਘ ਸੈਣੀ ਅਤੇ ਕੁਲਵੰਤ ਸਿੰਘ ਦੀ ਅਗਵਾਈ ’ਚ ਐਸ.ਐਚ.ਓ. ਰਵਿੰਦਰ ਕੁਮਾਰ ਅਤੇ ਸੀ.ਆਈ.ਏ ਸਟਾਫ ਦੀ ਟੀਮ ਨੇ ਇਲਾਕੇ ’ਚ ਨਾਕਾਬੰਦੀ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਰਾਤੀ ਲਗਭਗ 10:30 ਵਜੇ ਪਿੰਡ ਡਰੋਲੀ ਨੇੜੇ ਨਾਕਾਬੰਦੀ ਕੀਤੀ ਗਈ ਸੀ ਜਦੋਂ ਪੁਲਿਸ ਟੀਮ ਨੇ ਬਾਜਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਨ੍ਹਾਂ ’ਚੋਂ ਇੱਕ ਗੋਲੀ ਐਸ.ਐਚ.ਓ. ਦੀ ਸਰਕਾਰੀ ਗੱਡੀ ’ਤੇ ਲੱਗੀ। ਇਸ ਤੋਂ ਬਾਅਦ ਟੀਮ ਨੇ ਉਸ ਨੂੰ ਘੇਰ ਲਿਆ ਅਤੇ ਪੁਲਿਸ ਨੇ ਉਸਦੀ ਲੱਤ ਵਿੱਚ ਗੋਲੀ ਮਾਰ ਦਿੱਤੀ।
ਇਸ ਤੋਂ ਬਾਅਦ ਪੁਲਿਸ ਬਾਜਾ ਨੂੰ ਜਖਮੀ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ। ਬਾਜਾ ਖਿਲਾਫ਼ 3 ਅਪਰਾਧਿਕ ਮਾਮਲੇ ਦਰਜ ਹਨ।
Read More : ਸਾਰੰਗੜਾ ਵਿਖੇ ਛੱਪੜ ’ਚ ਡੁੱਬਣ ਕਾਰਨ ਵਿਅਕਤੀ ਦੀ ਮੌਤ