ਮੁੰਬਈ, 29 ਅਕਤੂਬਰ : ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਭਗੌੜੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਕਰੀਬੀ ਸਾਥੀ ਦਾਨਿਸ਼ ਚਿਕਨਾ ਨੂੰ ਗੋਆ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦਾ ਗਿਰੋਹ ਚਲਾ ਰਿਹਾ ਸੀ। ਇਕ ਅਧਿਕਾਰੀ ਨੇ ਬੁੱਧਵਾਰ ਕਿਹਾ ਕਿ ਦਾਨਿਸ਼ ਚਿਕਨਾ ਉਰਫ਼ ਦਾਨਿਸ਼ ਮਰਚੈਂਟ ਭਗੌੜਾ ਸੀ ਤੇ ਦੇਸ਼ ’ਚ ਦਾਊਦ ਦੇ ਗਿਰੋਹ ਨਾਲ ਜੁੜੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦਾ ਨੈੱਟਵਰਕ ਚਲਾਉਂਦਾ ਸੀ।
ਐੱਨ. ਸੀ. ਬੀ. ਨੇ ਦਾਨਿਸ਼ ਤੇ 3 ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਉਨ੍ਹਾਂ ਦੇ ਕਬਜ਼ੇ ’ਚੋਂ 1.341 ਕਿਲੋਗ੍ਰਾਮ ਮੈਫੇਡ੍ਰੋਨ ਨੂੰ ਜ਼ਬਤ ਕੀਤਾ। ਖੁਫੀਆ ਜਾਣਕਾਰੀ ਦੇ ਆਧਾਰ ’ਤੇ ਐੱਨ. ਸੀ. ਬੀ. ਦੀ ਮੁੰਬਈ ਸ਼ਾਖਾ ਨੇ 18 ਸਤੰਬਰ ਨੂੰ ਪੁਣੇ ’ਚ ਇਕ ਵਿਅਕਤੀ ਨੂੰ ਰੋਕਿਆ ਤੇ ਉਸ ਦੇ ਕਬਜ਼ੇ ’ਚੋਂ 502 ਗ੍ਰਾਮ ਮੈਫੇਡ੍ਰੋਨ ਨੂੰ ਜ਼ਬਤ ਕੀਤਾ।
ਅਧਿਕਾਰੀ ਨੇ ਕਿਹਾ ਕਿ ਤੁਰੰਤ ਕਾਰਵਾਈ ਕਰਦੇ ਹੋਏ ਦਾਨਿਸ਼ ਤੇ ਉਸ ਦੀ ਪਤਨੀ ਦੇ ਮੁੰਬਈ ਸਥਿਤ ਘਰ ’ਤੇ ਛਾਪੇਮਾਰੀ ਕੀਤੀ ਗਈ ਤੇ ਇਕ ਹੋਰ ਸਾਥੀ ਤੋਂ 839 ਗ੍ਰਾਮ ਮੈਫੇਡ੍ਰੋਨ ਨੂੰ ਜ਼ਬਤ ਕੀਤਾ ਗਿਆ। ਜਾਂਚ ਦੌਰਾਨ ‘ਕਿੰਗਪਿਨ’ ਦਾਨਿਸ਼ ਤੇ ਉਸ ਦੀ ਪਤਨੀ ਦੀ ਪਛਾਣ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦੇ ਮੁਖੀ ਵਜੋਂ ਹੋਈ।
Read More : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ 4 ਨੂੰ ਜਾਵੇਗਾ ਪਾਕਿ
