ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ
ਪਟਿਆਲਾ, 16 ਅਗਸਤ : ਜ਼ਿਲਾ ਪਟਿਆਲਾ ਵਿਚ ਥਾਣਾ ਸਿਵਲ ਲਾਈਨ ਦੇ ਅਧੀਨ ਪੈਂਦੇ ਗਰੈਂਡ ਪਾਰਕ ਦੇ ਸਾਹਮਣੇ ਬਣੇ ਸਟਰੀਟ ਕਲੱਬ ਦੇ ਬਾਊਂਸਰ ’ਤੇ ਬੀਤੀ ਰਾਤ ਤਾਬੜਤੋੜ ਫਾਇਰ ਕਰ ਦਿੱਤੀ ਗਈ, ਜਿਸ ’ਚੋਂ ਰਾਜਨ ਨਾਮ ਦੇ ਬਾਊਂਸਰ ਦੇ ਇਕ ਬਾਂਹ ਵਿਚ ਅਤੇ ਦੂਜੀ ਟਿੱਡ ਨੂੰ ਛੁੰੂਹਦੀ ਹੋਈ ਲੰਘ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਇਲਾਜ ਲਈ ਪਹੰੁਚਾਇਆ ਗਿਆ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ।
ਜ਼ਖਮੀ ਦੇ ਭਰਾ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਇਕ ਸਟ੍ਰੀਟ ਕਲੱਬ ’ਚ ਐਂਟਰੀ ਮੈਨ ਵਜੋਂ ਕੰਮ ਕਰਦਾ ਹੈ। ਬੀਤੀ ਰਾਤ ਉਸਨੇ ਫੋਨ ਕਰ ਕੇ ਦੱਸਿਆ ਕਿ ਉਸਨੂੰ ਗੋਲੀ ਲੱਗ ਗਈ ਹੈ ਅਤੇ ਉਹ ਰਾਜਿੰਦਰਾ ਹਸਪਤਾਲ ਆ ਜਾਵੇ। ਜਦ ਉਹ ਹਸਪਤਾਲ ਪਹੁੰਚਿਆ, ਤਾਂ ਇਲਾਜ ਕਰਵਾ ਰਹੇ ਭਰਾ ਨੇ ਦੱਸਿਆ ਕਿ ਕਲੱਬ ਰਾਤ 11 ਵਜੇ ਤੱਕ ਚੱਲਦਾ ਹੈ ਅਤੇ ਉਸ ਤੋਂ ਬਾਅਦ ਨਾ ਤਾਂ ਐਂਟਰੀ ਹੁੰਦੀ ਹੈ ਅਤੇ ਨਾ ਹੀ ਡੀਜੇ ਚਲਦਾ ਹੈ।
ਚਾਰ ਨੌਜਵਾਨਾਂ ਨੇ ਡੀਜੇ ਚਲਾਉਣ ਦੀ ਜਬਰਦਸਤੀ ਮੰਗ ਕੀਤੀ ਅਤੇ ਹੰਗਾਮਾ ਕੀਤਾ। ਉਹ ਸਾਰੇ ਨਸ਼ੇ ਦੀ ਹਾਲਤ ’ਚ ਸਨ। ਕਾਫੀ ਸਮਝਾਉਣ ਤੋਂ ਬਾਅਦ ਜਦ ਉਹ ਕਲੱਬ ਤੋਂ ਬਾਹਰ ਆਇਆ ਅਤੇ ਗੱਲ ਕਰਨ ਦੀ ਕੋਸ਼ਿਸ ਕੀਤੀ, ਤਾਂ ਉਹ ਨੌਜਵਾਨ ਰਿਸੈਪਸਨ ਕਾਊਂਟਰ ’ਤੇ ਪਹੁੰਚ ਗਏ ਅਤੇ ਫਾਇਰਿੰਗ ਕਰ ਦਿੱਤੀ, ਜਿਹੜੀ ਕਿ ਸੀ. ਸੀ. ਟੀ. ਵੀ. ਫੁਟੇਜ਼ ਵਿਚ ਵੀ ਦੇਖੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਇਕ ਗੋਲੀ ਉਸ ਦੇ ਭਰਾ ਦੀ ਬਾਂਹ ਵਿਚ ਲੱਗੀ ਅਤੇ ਦੂਜੀ ਪੇਟ ਨੂੰ ਛੁੰੂਹਦੀ ਹੋਈ ਲੰਘ ਗਈ। ਹਮਲਾਵਰ ਇੰਨੇ ਬੇਖੌਫ ਸਨ ਕਿ ਜਦੋਂ ਉਹ ਅੰਦਰ ਭੱਜ ਗਿਆ ਤਾਂ ਪਿਛੇ ਭੱਜੇ ਅਤੇ ਜਦੋਂ ਉਨ੍ਹਾਂ ਨੂੰ ਦੁਬਾਰਾ ਅੰਦਰ ਨਾ ਲੱਭਿਆ ਤਾਂ ਹਮਲਾਵਰ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਪਾਰਟੀ ਮੌਕੇ ’ਤੇ ਪਹੰੁਚ ਗਈ ਅਤੇ ਪੁਲਸ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਸੂਚਨਾ ਦੇ ਮੁਤਾਬਕ ਪੁਲਸ ਨੇ ਕੁਝ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ।
ਇਸ ਸਬੰਧੀ ਡੀ. ਐੱਸ. ਪੀ. ਸਤਨਾਮ ਸਿੰਘ ਦਾ ਕਹਿਣਾ ਸੀ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਸ ਘਟਨਾ ਵਾਲੀ ਥਾਂ ’ਤੇ ਪਹੰੁਚ ਗਈ ਅਤੇ ਇਸ ਮਾਮਲੇ ਵਿਚ ਚਾਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਕੇ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੀ. ਸੀ. ਟੀ. ਵੀ. ਫੁਟੇਜ਼ ਦੀ ਮਦਦ ਨਾਲ ਹਮਲਾਵਰਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਪੁੱਛਗਿੱਛ ਲਈ ਕੁਝ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ।
Read More : ਭਿਆਨਕ ਸੜਕ ਹਾਦਸੇ ਵਿਚ 10 ਯਾਤਰੀਆਂ ਦੀ ਮੌਤ