ਡੀ. ਸੀ. ਨੇ ਬੈਂਕਾਂ ਦੂ ਸੁਰੱਖਿਆ ਤੇ ਕਾਰਜਪ੍ਰਣਾਲੀ ਦਾ ਲਿਆ ਜਾਇਜ਼ਾ

ਅਧਿਕਾਰੀਆਂ ਨੂੰ ਲੋਕਾਂ ਦੀਆਂ ਉਮੀਦਾਂ ਪੂਰੀਆਂ ਕਰਨ ਲਈ ਕੀਤਾ ਪ੍ਰੇਰਿਤ

ਪਟਿਆਲਾ, 17 ਜੂਨ :- ਸਟੇਟ ਬੈਂਕ ਆਫ ਇੰਡੀਆ ਦੀ ਅਗਵਾਈ ਹੇਠ ਲੀਡ ਬੈਂਕ ਵੱਲੋਂ ਜ਼ਿਲਾ ਪੱਧਰੀ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕੀਤੀ।

ਮੀਟਿੰਗ ’ਚ ਜ਼ਿਲੇ ਦੇ ਸਮੂਹ ਬੈਂਕਾਂ ਦੀ ਤਿਮਾਹੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਅਮਰਿੰਦਰ ਸਿੰਘ ਟਿਵਾਣਾ ਵੀ ਹਾਜ਼ਰ ਸਨ। ਡਾ. ਪ੍ਰੀਤੀ ਯਾਦਵ ਨੇ ਜ਼ਿਲੇ ਅੰਦਰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰ ਰਹੇ ਸਮੁੱਚੇ ਬੈਂਕਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਬੈਂਕਾਂ ’ਚ ਕਰਜ਼ੇ ਨਾਲ ਸਬੰਧਤ ਪੈਂਡਿੰਗ ਚੱਲੇ ਆ ਰਹੇ ਮਾਮਲਿਆਂ ਦਾ ਤੁਰੰਤ ਨਿਪਟਾਰਾ ਕਰਨ।
ਉਨ੍ਹਾਂ ਬੈਕਾਂ ਸਮੇਤ ਕਰੰਸੀ ਚੈਸਟ, ਏ. ਟੀ. ਐੱਮਜ਼ ਅਤੇ ਨਕਦੀ ਵਾਲੇ ਵਾਹਨਾਂ ਦੀ ਸੁਰੱਖਿਆ ਲਈ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣਾ ਸਖ਼ਤੀ ਨਾਲ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਬੈਂਕਿੰਗ ਮਾਮਲਿਆਂ ਨੂੰ ਪੈਂਡਿੰਗ ਰੱਖਣ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਜੇਕਰ ਕਿਸੇ ਕੇਸ ’ਚ ਕੁਝ ਨੁਕਸ ਸਾਹਮਣੇ ਆਉਂਦਾ ਹੈ। ਇਸ ਸਬੰਧੀ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਕਰਜ਼ਿਆਂ ਸਬੰਧੀ ਬੈਂਕਾਂ ’ਚ ਪੈਂਡਿੰਗ ਪਏ ਕੇਸਾਂ ਦਾ ਤੁੰਰਤ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ।

ਡਾ. ਪ੍ਰੀਤੀ ਯਾਦਵ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਅਧੀਨ ਦਿੱਤੇ ਜਾਣ ਵਾਲੇ ਕਰਜ਼ਿਆਂ ਦੀ ਪ੍ਰਕ੍ਰਿਆ ਹੋਰ ਤੇਜ਼ ਕੀਤੀ ਜਾਵੇ ਤਾਂ ਜੋ ਖੇਤੀਬਾੜੀ, ਸਵੈ-ਰੋਜ਼ਗਾਰ ਅਤੇ ਛੋਟੇ ਪੱਧਰ ਦੇ ਕਾਰੋਬਾਰਾਂ ਨੂੰ ਮਜ਼ਬੂਤੀ ਮਿਲੇ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰੀ ਦੇ ਮੁੱਦੇ ਨੂੰ ਹੱਲ ਕਰਨ ’ਚ ਬੈਂਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਲਈ ਅਧਿਕਾਰੀ ਲੋਕਾਂ ਦੇ ਭਵਿੱਖ ਨੂੰ ਸੰਵਾਰਣ ਲਈ ਅੱਗੇ ਆਉਣ।

ਲੀਡ ਬੈਂਕ ਮੈਨੇਜਰ ਜਗਦੀਪ ਸਿੰਘ ਨੇ ਇਸ ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਬੈਂਕਾਂ ਦੀ ਸੁਰੱਖਿਆ ਲਈ ਇੰਸਪੈਕਟਰ ਆਲਮਜੀਤ ਸਿੰਘ ਵੱਲੋਂ ਵੱਖ-ਵੱਖ ਖੇਤਰਾਂ ’ਚ ਬੈਂਕਾਂ ਦੀ ਕਾਰਗੁਜ਼ਾਰੀ ਦੀ ਵਿਸਥਾਰਤ ਸਮੀਖਿਆ ਕੀਤੀ। ਉਨ੍ਹਾਂ ਸਮੂਹ ਏ. ਟੀ. ਐੱਮਜ਼ ਦੀ ਸਾਫ ਸਫ਼ਾਈ ਅਤੇ ਵਧੀਆ ਗੁਣਵੱਤਾ ਵਾਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵਰਤੋਂ ਕਰਨ ਦੀ ਗੱਲ ਕੀਤੀ।

ਮੀਟਿੰਗ ’ਚ ਆਰ. ਬੀ. ਆਈ. ਦੇ ਪ੍ਰਾਚੀ ਸਿੰਘ ਸਮੇਤ ਨਬਾਰਡ ਦੇ ਡੀ. ਡੀ. ਐੱਮ. ਪਰਮਿੰਦਰ ਨਾਗਰਾ ਨੇ ਵੀ ਭਾਗ ਲਿਆ ਅਤੇ ਆਰ. ਬੀ. ਆਈ. ਵੱਲੋਂ ਵਿੱਤੀ ਸਮਾਵੇਸ਼ਨ ਲਈ ਰਾਸ਼ਟਰੀ ਰਣਨਤੀ ਸਮੇਤ ਨਬਾਰਡ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵੱਖ-ਵੱਖ ਬੈਂਕਾਂ ਅਤੇ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ।

Read More : 2 ਮਹੀਨਿਆਂ ’ਚ ਪੁੱਜੇਗਾ ਸ਼੍ਰੀ ਕਾਲੀ ਮਾਤਾ ਮੰਦਰ ਦੇ ਸਰੋਵਰ ’ਚ ਤਾਜ਼ਾ ਜਲ

Leave a Reply

Your email address will not be published. Required fields are marked *